ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖੂਨਦਾਨ ਕਰਨ ਦੇ ਨਾਲ ਕਈ ਅਨਮੋਲ ਜ਼ਿੰਦੜੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਤਰਾ ਕਤਰਾ
ਇਕੱਠਾ ਕਰ ਕੇ ਕੀਤਾ ਗਿਆ ਖੂਨ ਜ਼ਰੂਰਤਮੰਦ ਮਰੀਜ਼ਾਂ ਲਈ ਵਰਦਾਨ ਸਿੱਧ ਹੁੰਦਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਰੈਡ ਕਰਾਸ ਕਲੱਬ, ਰੋਟਰੈਕਟ ਕਲੱਬ, ਐਨ.ਸੀ.ਸੀ ਐਨ.ਐਸ.ਐਸ ਅਤੇ ਰੈਡ ਰੀਬਨ ਕਲੱਬ ਦੇ ਯਤਨਾਂ ਸਦਕਾ ਕੇਅਰ ਟੂਡੇ (ਦਾ ਇੰਡੀਆ ਟੂਡੇ ਗਰੁੱਪ) ਅਤੇ ਐਲ.ਜੀ ਇਲੈਕਟ੍ਰਾਨਿਕਸ ਗਰੁੱਪ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਦਾ ਰਿਬਨ ਕੱਟ ਕੇ ਉਦਘਾਟਨ ਕਰਨ ਉਪਰੰਤ ਕੀਤਾ।
ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਉਕਤ ਕੈਂਪ ਮੌਕੇ 50 ਤੋਂ ਵਧੇਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨਦਾਨ ਕੀਤਾ।ਛੀਨਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨ ਦੇ ਮਕਸਦ ਤਹਿਤ ਅੱਜ ਕਾਲਜ ਵੱਲੋਂ ਉਕਤ ਕੈਂਪ ਲਗਾਇਆ ਗਿਆ।
ਛੀਨਾ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਨਹੀਂ ਪੈਂਦਾ ਹੈ ਅਤੇ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਐਮਰਜੈਂਸੀ ਦੇ ਸਮੇਂ ’ਚ ਸੁਰੱਖਿਅਤ ਖੂਨ ਦੀ ਲੋੜ ਲਈ ਜਾਗਰੂਕਤਾ ਪੈਦਾ ਕਰਨਾ ਸੀ।ਛੀਨਾ ਨੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਸੇਵਾ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫ਼ਿਕੇਟ ਵੀ ਤਕਸੀਮ ਕੀਤੇ।ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ’ਚ ਲੜਕੀਆਂ ਨੇ ਖੂਨਦਾਨ ਕਰਨ ’ਚ ਵਧੇਰੇ ਜੋਸ਼ ਵਿਖਾਇਆ ਅਤੇ ਕਈ ਵਿਦਿਆਰਥਣਾਂ ਪਹਿਲੀ ਵਾਰ ਖੂਨਦਾਨ ਦਾ ਹਿੱਸਾ ਬਣੀਆਂ ਹਨ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੈਂਪ ’ਚ ਕਾਲਜ ਦੇ ਉਕਤ ਸਮੂਹ ਕਲੱਬ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਸਿਵਲ ਹਸਪਤਾਲ ਦੀ ਟੀਮ ਨੇ ਵੀ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ।ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ 50 ਤੋਂ ਵਧੇਰੇ ਖੂਨਦਾਨੀਆਂ ਨੇ ਸਮਾਜ ਸੇਵਾ ’ਚ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਗਜੈਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਅੰਡਰ ਸੈਕਟਰੀ ਡੀ. ਐਸ ਰਟੌਲ, ਸ੍ਰੀਮਤੀ ਰਵਿੰਦਰ ਕੌਰ, ਡਾ. ਜਸਵਿੰਦਰ ਸਿੰਘ ਆਦਿ ਸਟਾਫ਼ ਸਮੇਤ ਹੋਰ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media