Saturday, May 10, 2025
Breaking News

ਖਾਲਸਾ ਕਾਲਜ ਲਾਅ ਵਿਖੇ ‘ਔਰਤਾਂ ਦਾ ਜਿਨਸੀ ਸ਼ੋਸ਼ਣ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੇ ਲੀਗਲ ਏਡ ਕਲੀਨਿਕ ਵਲੋਂ ‘ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ-2013’ ਵਿਸ਼ੇ ’ਤੇ ਇੱਕ ਰੋਜ਼ਾ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ: ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਕੰਮ ਵਾਲੀ ਥਾਂ ’ਤੇ ਔਰਤਾਂ ਨੂੰ ਦਰਪੇਸ਼ ਜਿਨਸੀ ਸ਼ੋਸ਼ਣ ਦੇ ਮੁੱਦਿਆਂ ਬਾਰੇ ਜਾਗਰੂਕ ਕਰਨਾ ਸੀ।ਜਿਸ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਤੋਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਅਮਰਦੀਪ ਸਿੰਘ ਬੈਂਸ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਕਾਲਜ ਪੁੱਜਣ ’ਤੇ ਡਾ: ਜਸਪਾਲ ਸਿੰਘ ਨੇ ਬੈਂਸ ਦਾ ਸਵਾਗਤ ਕਰਦਿਆਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।ਬੈਂਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੇ ਸਾਰੇ ਕਾਰਜ ਸਥਾਨਾਂ ’ਤੇ ਕਾਨੂੰਨ ਦੁਆਰਾ ਸਾਰੀਆਂ ਔਰਤਾਂ ਲਈ ਜਿਨਸੀ ਸ਼ੋਸ਼ਣ ਤੋਂ ਮੁਕਤ ਇੱਕ ਉਚਿਤ ਅਤੇ ਸੁਰੱਖਿਅਤ ਕੰਮ ਕਰਨ ਵਾਲਾ ਵਾਤਾਵਰਣ ਪ੍ਰਦਾਨ ਕਰਨਾ ਲਾਜ਼ਮੀ ਹੈ।ਉਨ੍ਹਾਂ ਨੇ ਭੰਵਰੀ ਦੇਵੀ ਦੇ ਮਾਮਲੇ ਸਬੰਧੀ ਵਿਆਖਿਆ ਕਰਦਿਆਂ ਖੁਲਾਸਾ ਕੀਤਾ ਕਿ ਦੇਸ਼ ਭਰ ’ਚ ਹਰ ਜਗ੍ਹਾ ਅਤੇ ਹਰ ਰੋਜ਼ ਲੱਖਾਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਜਿਨਸੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਭਾਵੇਂ ਉਨ੍ਹਾਂ ਦਾ ਸਥਾਨ ਕੋਈ ਵੀ ਹੋਵੇ।
ਉਨ੍ਹਾਂ ਨੇ ਵਿਸ਼ਾਕਾ ਬਨਾਮ ਰਾਜਸਥਾਨ ਰਾਜ (1997) ਦੇ ਇਤਿਹਾਸਕ ਫੈਸਲੇ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਭਾਰਤੀ ਸੁਪਰੀਮ ਕੋਰਟ ਨੇ ਭਾਰਤੀ ਸੰਵਿਧਾਨ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੇ ਔਰਤਾਂ ਵਿੱਚ ਵਿਤਕਰੇ ਦੇ ਸਾਰੇ ਰੂਪਾਂ ਦੇ ਖਾਤਮੇ ਬਾਰੇ ਕਨਵੈਨਸ਼ਨ (ਡੀ.ਈ.ਡੀ.ਏ.ਡਬਲਯੂ) ਦੁਆਰਾ ਦਿੱਤੇ ਗਏ ਸਮਾਨਤਾ, ਸਨਮਾਨ ਜੀਵਨ ਦੇ ਅਧਿਕਾਰ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ’ਤੇ ਅਧਾਰਿਤ ਕਾਨੂੰਨੀ ਤੌਰ ’ਤੇ ਬਾਈਡਿੰਗ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ।ਉਨ੍ਹਾਂ ਕਿਹਾ ਕਿ ਸੰਸਥਾਵਾਂ ’ਤੇ ਮਾਪਦੰਡਾਂ ਨੂੰ ਪੂਰਾ ਕਰਨ ਲਈ ਤਿੰਨ ਮੁੱਖ ਮਨਾਹੀ, ਰੋਕਥਾਮ ਅਤੇ ਨਿਵਾਰਣ ਜ਼ਿੰਮੇਵਾਰੀਆਂ ਲਗਾਈਆਂ ਗਈਆਂ ਸਨ।ਉਨ੍ਹਾਂ ਨੇ ਔਰਤਾਂ ’ਚ ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ ਵਿਧੀਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਅਤੇ ਐਕਟ ਤਹਿਤ ਸ਼ਿਕਾਇਤਾਂ ਅਤੇ ਨਿਵਾਰਣ ਵਿਧੀਆਂ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਬੈਂਸ ਨੇ ਕਾਰੋਬਾਰੀ ਥਾਵਾਂ ’ਤੇ ਜਿਨਸੀ ਸ਼ੋਸ਼ਣ ਕਾਰਨ ਪੀੜਤ ਔਰਤਾਂ ਦੁਆਰਾ ਸ਼ਿਕਾਇਤਾਂ ਦਰਜ਼ ਕਰਨ ਲਈ ਢਾਂਚਾਗਤ ਵਿਧੀ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਐਕਟ ਤਹਿਤ ਅੰਦਰੂਨੀ ਸ਼ਿਕਾਇਤ ਕਮੇਟੀ ਦੀਆਂ ਭੂਮਿਕਾਵਾਂ ਦਾ ਗਠਨ ਅਤੇ ਲਾਗੂ ਕਰਨਾ ਲਾਜ਼ਮੀ ਹੈ।ਸੈਮੀਨਾਰ ਦੇ ਅੰਤ ’ਚ ਇੱਕ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ਉਪਰੰਤ ਰਸਮੀ ਧੰਨਵਾਦ ਮਤਾ ਪੇਸ਼ ਕੀਤਾ ਗਿਆ।

 

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …