

ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜ਼ੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਵਿਰਸੇ ਨਾਲ ਨਵੀਂ ਪੀੜੀ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਆਪਣੇ ਹਲਕੇ ਵਿੱਚ ਵਿਰਸਾ ਮੇਲੇ ਦੌਰਾਨ ਸਥਾਨਿਕ ਵਾਸੀਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ।ਹਜ਼ਾਰਾਂ ਦੀ ਗਿਣਤੀ ਵਿੱਚ ਮੇਲੇ ਵਿੱਚ ਪੁੱਜੇ ਲੋਕਾਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਸਿਰਸਾ ਨੇ ਲੋਕਾਂ ਨੂੰ ਕੁੜੀ ਦੇ ਜਨਮ ਤੇ ਵੀ ਲੋਹੜੀ ਮਨਾਉਣ ਦੀ ਅਪੀਲ ਕੀਤੀ। ਪੰਜਾਬੀ ਵਿਰਸੇ ਅਤੇ ਲੋਕਮੰਚ ਦੀ ਗੂੰਜ ਵੀ ਮੱਨੇ ਪ੍ਰਮੱਨੇ ਪੰਜਾਬੀ ਗਾਇਕ ਕਪਤਾਨ ਲਾਡੀ ਸਣੇ ਹੋਰ ਕਲਾਕਾਰਾਂ ਨੇ ਵੀ ਰੱਖੀ।
ਉਮੀਦਾ ਪ੍ਰਵਾਨ ਹੋਣ ਤੇ ਰਿਸ਼ਤੇਦਾਰਾਂ ਅਤੇ ਸਮਾਜ ਦੇ ਲੋਕਾਂ ਨਾਲ ਖੂਸ਼ੀਆਂ ਸਾਂਝੀ ਕਰਨ ਦੇ ਪ੍ਰਤੀਕ ਵਜੋਂ ਪੁਰਾਤਨ ਕਾਲ ਤੋਂ ਮਨਾਏ ਜਾ ਰਹੇ ਲੋਹੜੀ ਦੇ ਤਿਉਹਾਰ ਨੂੰ ਸਿਰਸਾ ਨੇ ਆਪਣੀ ਪਰਿਵਾਰਿਕ ਖੁਸ਼ੀਆਂ ਨੂੰ ਲੋਕਾਂ ਨਾਲ ਵੰਢਣ ਦਾ ਵੱਡਾ ਜ਼ਰੀਆ ਵੀ ਦੱਸਿਆ। ਅਕਾਲੀ ਦਲ ਦੀ ਨੁਮਾਇੰਦਗੀ ਕੇਂਦਰ ਸਰਕਾਰ ਵਿੱਚ ਕਰ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੁੜੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਸਿਰਸਾ ਨੇ ਮੁੰਡੇ ਅਤੇ ਕੁੜੀ ਦੇ ਜਨਮ ਤੇ ਕੋਈ ਭੇਦ ਨਾ ਕਰਨ ਦੀ ਵੀ ਅਪੀਲ ਕੀਤੀ। ਇਨ੍ਹਾਂ ਸਮਾਜਿਕ ਉਪਰਾਲਿਆਂ ਸਦਕਾ ਪੰਜਾਬੀ ਵਿਰਸੇ ਦੀ ਉਸਾਰੂ ਖੁਸ਼ਬੂ ਸਮਾਜ ਦੇ ਹਰ ਤਬਕੇ ਤੱਕ ਪਹੁੰਚਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਲੋਹੜੀ ਦੇ ਤਿਉਹਾਰ ਨੂੰ ਪੰਜਾਬੀਆਂ ਦੀ ਖੂਸ਼ਹਾਲੀ ਅਤੇ ਲੋਕ ਵਿਰਸੇ ਦੇ ਪਹਿਰੇਦਾਰ ਵਜੋਂ ਮਨਾਏ ਜਾਉਣ ਦਾ ਵੀ ਹਵਾਲਾ ਦਿੱਤਾ। ਇਸ ਮੌਕੇ ਪੱਛਮ ਦਿੱਲੀ ਤੋਂ ਲੋਕਸਭਾ ਮੈਂਬਰ ਪਰਵੇਸ਼ ਵਰਮਾ, ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਆਰਿਆ, ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਨਿਗਮ ਪਾਰਸ਼ਦ ਸਤਵਿੰਦਰ ਕੌਰ ਸਿਰਸਾ, ਭਾਜਪਾ ਜ਼ਿਲਾ ਪ੍ਰਧਾਨ ਰਾਜਕੁਮਾਰ ਗ੍ਰੋਵਰ, ਸਾਬਕਾ ਨਿਗਮ ਪਾਰਸ਼ਦ ਸ਼ਸ਼ੀ ਤਲਵਾਰ, ਭਾਜਪਾ ਆਗੂ ਰਮੇਸ਼ ਖੱਨਾ ਸਣੇ ਸੈਂਕੜੇ ਅਕਾਲੀ ਭਾਜਪਾ ਕਾਰਕੂੰਨ ਮੌਜੂਦ ਸਨ।
Punjab Post Daily Online Newspaper & Print Media