ਅੰਮ੍ਰਿਤਸਰ, 21 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵਾਂ 10 ਦਿਨਾ ਰਾਸ਼ਟਰੀ ਰੰਗਮੰਚ ਉਤਸਵ ਦੇ ਸਤਵੇਂ ਦਿਨ ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਦੀ ਟੀਮ ਵਲੋਂ ਡਾ. ਆਤਮਾ ਸਿੰਘ ਗਿੱਲ ਦਾ ਲਿਖਿਆ ਅਤੇ ਈਮੈਨੁਅਲ ਸਿੰਘ ਦਾ ਨਿਰਦੇਸ਼ਿਤ ਕੀਤਾ ਨਾਟਕ ‘ਮਹਾਰਾਣੀ ਜ਼ਿੰਦਾਂ’ ਵਿਰਸਾ ਵਿਹਾਰ ਦੇ ਭਾਅ ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਨਾਟਕ ਬਾਰੇ ਫਾਰਐਵਰ ਕੁਈਨ ਮਹਾਰਾਣੀ ਜ਼ਿੰਦਾਂ ਨਾਟਕ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ, ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਹ ਖਿੱਤਾ ਸ਼ੁਰੂ ਤੋਂ ਹੀ ਜੰਗਾਂ-ਯੁੱਧਾਂ ਦਾ ਅਖਾੜਾ ਰਿਹਾ।ਘੁੱਗ ਵੱਸਦੇ ਪੰਜਾਬ ਅੰਦਰ ਕਦੇ ਵੀ ਸਦੀਵੀ ਸਥਿਰਤਾ ਨਹੀਂ ਰਹੀ।ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਉਹ ਸੂਰਜ ਪੰਜਾਬੀਆਂ ਲਈ ਚੜ੍ਹਿਆ ਜਿਸ ਦਾ ਨਿੱਘ ਪੰਜਾਬੀਆਂ ਨੇ ਅੱਧੀ ਸਦੀ ਤੱਕ ਮਾਣਿਆ।ਪੰਜਾਬ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਤੇ ਨਾ ਉਸ ਤੋਂ ਬਾਅਦ ਕਦੇ ਇੰਨਾ ਖੁਸ਼ਹਾਲ ਅਬਾਦ ਤੇ ਸਥਿਰ ਰਿਹਾ, ਜਿੰਨਾ ਕਿ ਉਸ ਵੇਲੇ ਸੀ।ਤਾਰੀਖ ਗਵਾਹ ਹੈ ਜਿੰਨੇ ਵੀ ਹਮਲਾਵਰ ਹਿੰਦੁਸਤਾਨ ਦੀ ਧਰਤੀ ‘ਤੇ ਆਏ ਸਾਰੇ ਪੰਜਾਬ ਦੇ ਰਸਤਿਉਂ।ਮਹਾਰਾਜਾ ਰਣਜੀਤ ਸਿੰਘ ਉਹ ਪਹਿਲਾ ਪੰਜਾਬੀ ਸੂਰਮਾ ਹੈ, ਜਿਸ ਦੇ ਲੋਹੇ ਦੀ ਸ਼ਾਨ ਨੇ ਦੱਰਾ-ਏ-ਖੈਬਰ ਵਲੋਂ ਆਉਂਦੇ ਹਮਲਾਵਰਾਂ ਦੇ ਰਾਹ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ।ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਸ਼ੇਰ-ਏ-ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ‘ਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਸੀ।ਇੱਕ ਦੁਰਲੱਭ ਭੂ-ਰਣਨੀਤਕ ਦ੍ਰਿਸ਼ਟੀ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਕਾਬੁਲ ਕੰਧਾਰ, ਕਸ਼ਮੀਰ ਅਤੇ ਲੱਦਾਖ ਖੇਤਰਾਂ ਤੱਕ ਰਾਜ ਕੀਤਾ।ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖ਼ਾਲਸਾ ਰਾਜ ਦਾ ਇਕ ਨਾਨਕਸ਼ਾਹੀ ਸਿੱਕਾ 13 ਪੌਂਡ ਅਤੇ 36 ਡਾਲਰਾਂ ਦੇ ਬਰਾਬਰ ਸੀ। ਉਸਦੇ ਸਮੇਂ ਸਾਖਰਤਾ ਦਰ ਸਭ ਤੋਂ ਉਪਰ ਸੀ।ਉਸਚਦੇ ਰਾਜ ਵਿੱਚ ਨਾ ਕਿਸੇ ਨੂੰ ਸਜ਼ਾ ਮਿਲੀ ਅਤੇ ਨਾ ਹੀ ਫਾਂਸੀ ਹੋਈ।ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪੇਸ਼ ਕੀਤਾ ਗਿਆ ਹੈ।ਅੰਗਰੇਜ਼ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੇਵਲ ਮਹਾਰਾਣੀ ਜਿੰਦਾਂ ਹੀ ਰਾਜ ਕਰਨ ਦੇ ਸਮਰੱਥ ਹੈ।ਇਸ ਲਈ ਉਹਨਾਂ ਨੇ ਚਲਾਕੀ ਨਾਲ ਮਹਾਰਾਣੀ ਤੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ।ਨਾਟਕ ਮਹਾਰਾਣੀ ਜ਼ਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸ ਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਹੈ।ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ, ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਇਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ।ਸ਼ਾਹ ਮੁਹੰਮਦ ਦੀ ਕਵਿਤਾ ਸਿੰਘਾਂ ਤੇ ਫਰੰਗੀਆਂ ਨੂੰ ਅਧਾਰ ਬਣਾ ਕੇ ਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾ ਕੇ, ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਕਵੀਸ਼ਰੀ ਦੀ ਵਿਧਾ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਨਾਟਕ ਵਿੱਚ ਪ੍ਰਿਤਪਾਲ ਹੁੰਦਲ, ਈਮੈਨੂਅਲ ਸਿੰਘ, ਆਤਮਾ ਸਿੰਘ ਗਿੱਲ, ਗੁਰਪਿੰਦਰ ਕੌਰ, ਆਲਮ ਸਿੰਘ, ਰਵੀ ਕੁਮਾਰ, ਲਖਵਿੰਦਰ ਲੱਕੀ, ਸਾਹਿਲ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਮਰਕਸਪਾਲ, ਪ੍ਰਿਜਾਦੀਪ ਕੌਰ, ਜਸ਼ਨਪ੍ਰੀਤ ਸਿੰਘ, ਆਂਚਲ ਮਹਾਜਨ, ਨਿਕਿਤਾ, ਤਰਨ ਸਭਰਵਾਲ, ਸਮਰਿਧੀ ਕਪੂਰ, ਮੁਸਕਾਨ ਕੌਰ, ਸੁਰਭੀ, ਜੀਆ, ਗੁਰਲੀਨ ਕੌਰ, ਅਨਮੋਲ ਰਾਣਾ, ਪ੍ਰਿੰਸ, ਦਿਵਯਾਂਸ਼ੂ, ਸਚਿਨ ਸ਼ਰਮਾ, ਪ੍ਰਬੀਰ ਸਿੰਘ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਇਸ ਮੌਕੇ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਅਦਾਕਾਰਾ ਅਨੀਤਾ ਦੇਵਗਨ, ਧਰਵਿੰਦਰ ਔਲਖ, ਗੁਰਤੇਜ ਮਾਨ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਟ
ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ …