ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ
ਰਿਸਰਚ (ਆਈ.ਸੀ.ਐਸ.ਐਸ.ਆਰ), ਉੱਤਰ-ਪੱਛਮੀ ਖੇਤਰੀ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ ‘ਅਜੋਕੇ ਸਮੇਂ ਲਈ ਪ੍ਰਾਚੀਨ ਗਿਆਨ: ਭਾਰਤੀ ਗਿਆਨ ਪ੍ਰਣਾਲੀਆਂ ਨਾਲ ਇੱਕ ਤਾਲਮੇਲ’ ਵਿਸ਼ੇ ’ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨ6ਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਲਗਭਗ 200 ਵਿਦਵਾਨਾਂ, ਸਿੱਖਿਅਕਾਂ ਅਤੇ ਵਿਚਾਰਵਾਨਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਪ੍ਰਾਚੀਨ ਭਾਰਤੀ ਗਿਆਨ ਨੂੰ ਆਧੁਨਿਕ ਵਿੱਦਿਅਕ ਅਤੇ ਸਮਾਜਿਕ ਢਾਂਚੇ ’ਚ ਏਕੀਕਰਨ ’ਤੇ ਵਿਚਾਰ-ਵਟਾਂਦਰਾ ਕੀਤਾ।
ਸੈਮੀਨਾਰ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਪ੍ਰਿੰ. ਡਾ. ਮਨਦੀਪ ਕੌਰ ਵੱਲੋਂ ਐਨ.ਆਈ.ਓ.ਐਸ ਤੋਂ ਸਾਬਕਾ ਚੇਅਰਪਰਸਨ ਅਤੇ ਸਕੂਲ ਆਫ਼ ਐਜੂਕੇਸ਼ਨ ਇਗਨੋ ਨਵੀਂ ਦਿੱਲੀ ਤੋਂ ਪ੍ਰਸਿੱਧ ਵਿਦਵਾਨ ਪ੍ਰੋ. ਚੰਦਰ ਭੂਸ਼ਣ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਜ਼ੂਕੇਸ਼ਨ ਵਿਭਾਗ ਦੇ ਮੁਖੀ ਅਤੇ ਪ੍ਰੋ: ਡਾ. ਅਮਿਤ ਕੌਟਸ, ਐਜ਼ੂਕੇਸ਼ਨ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਤੋਂ ਮੁਖੀ ਅਤੇ ਡੀਨ ਪ੍ਰੋ: ਡਾ. ਮਨੋਜ ਕੁਮਾਰ ਸਕਸੈਨਾ ਅਤੇ ਯੋਗਸਰਿਤਾ ਪ੍ਰਾਈਵੇਟ ਲਿਮ. ਸੰਸਥਾਪਕ ਅਤੇ ਸੀ.ਈ.ਓ ਸ੍ਰੀਮਤੀ ਸਰਿਤਾ ਸ਼ਰਮਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।
ਪ੍ਰਿੰ: ਡਾ. ਮਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹਾਜ਼ਰੀਨ ਨਾਲ ਜਾਣ-ਪਛਾਣ ਕਰਵਾਈ।ਪ੍ਰੋ. ਚੰਦਰ ਭੂਸ਼ਣ ਨੇ ਨੈਤਿਕ ਅਤੇ ਸੰਪੂਰਨ ਸਿੱਖਿਆ ਨੂੰ ਆਕਾਰ ਦੇਣ ’ਚ ਧਰਮ, ਗਿਆਨ ਅਤੇ ਕਰਮ ਵਰਗੇ ਪ੍ਰਾਚੀਨ ਭਾਰਤੀ ਦਰਸ਼ਨਾਂ ਦੀ ਸਾਰਥਿਕਤਾ ਨੂੰ ਉਜਾਗਰ ਕੀਤਾ।ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਸੈਮੀਨਾਰ ’ਚ ਦੋ ਤਕਨੀਕੀ ਸੈਸ਼ਨ ਕਰਵਾਏ, ਜਿਸ ਵਿੱਚ ਡਾ. ਕੌਟਸ, ਡਾ. ਸਕਸੈਨਾ ਅਤੇ ਸ੍ਰੀਮਤੀ ਸ਼ਰਮਾ ਵਰਗੇ ਪ੍ਰਸਿੱਧ ਅਕਾਦਮਿਕ ਮਾਹਿਰਾਂ ਨੇ ਭਾਸ਼ਣ ਰਾਹੀਂ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਵਿਚਾਰ-ਵਟਾਂਦਰੇ ਨੇ ਆਲੋਚਨਾਤਮਕ ਸੋਚ, ਭਾਵਨਾਤਮਕ ਬੁੱਧੀ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ’ਚ ਭਾਰਤੀ ਗਿਆਨ ਪ੍ਰਣਾਲੀਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਮੌਕੇ ਸਮਾਨਾਂਤਰ ਪੇਪਰ ਪੇਸ਼ਕਾਰੀ ਸੈਸ਼ਨ ਦਾ ਆਯੋਜਿਤ ਕੀਤਾ ਗਿਆ, ਜਿਸ ਵਿੱਚ 75 ਤੋਂ ਵਧੇਰੇ ਖੋਜਕਰਤਾਵਾਂ ਨੇ ਸਿੱਖਿਆ ’ਚ ਵੈਦਿਕ ਅਤੇ ਉਪਨਿਸ਼ਦਿਕ ਗਿਆਨ ਨੂੰ ਸ਼ਾਮਲ ਕਰਨ ਤੋਂ ਲੈ ਕੇ ਸੰਪੂਰਨ ਸਿੱਖਿਆ ’ਚ ਭਾਰਤੀ ਕਲਾਵਾਂ ਅਤੇ ਸੱਭਿਆਚਾਰ ਦੀ ਭੂਮਿਕਾ ਤੱਕ ਦੇ ਵਿਸ਼ਿਆਂ ’ਤੇ ਅਧਿਐਨ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਹਰਪ੍ਰੀਤ ਕੌਰ, ਡਾ. ਮੀਨੂ ਚੌਧਰੀ ਅਤੇ ਡਾ. ਸਰਿਤਾ ਨਾਰਦ ਸਮੇਤ ਅਕਾਦਮਿਕ ਮਾਹਿਰਾਂ ਦੁਆਰਾ ਕੀਤੀ ਗਈ।
ਇਸ ਸੈਮੀਨਾਰ ਦੀ ਸਮਾਪਤੀ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਪਰਵਿੰਦਰਜੀਤ ਕੌਰ ਨੇ ਸਮੂਹ ਪਤਵੰਤਿਆਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ।ਸੈਮੀਨਾਰ ’ਚ ਸਮਕਾਲੀ ਵਿੱਦਿਅਕ ਚੁਣੌਤੀਆਂ ਦਾ ਹੱਲ ਕਰਨ ਲਈ ਪ੍ਰਾਚੀਨ ਗਿਆਨ ਦੀ ਵਰਤੋਂ ਕਰਨ ’ਤੇ ਹੋਰ ਖੋਜ਼ ਅਤੇ ਸੰਵਾਦ ਨੂੰ ਉਤਸ਼ਾਹਿਤ ਕੀਤਾ ਗਿਆ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media