Thursday, June 19, 2025
Breaking News

ਕੈਪਟਨ ਦੇ ਆਉਣ ਨਾਲ ਬਦਲ ਸਕਦੇ ਹਨ ਮਾਝੇ ਦੇ ਚੋਣ ਸਮੀਕਰਨ

PPN190317
ਜੰਡਿਆਲਾ ਗੁਰੂ, 23 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਕੇਂਦਰ ਵਿੱਚ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਚਾਉਣ ਅਤੇ ਐਨ.ਡੀ.ਏ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਪੰਜਾਬ ਵਿਚ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਸ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਵੀ ਆਉਣ ਵਾਲੇ ਸਮੇਂ ‘ਚ ਵੱਡੀ ਫੇਰਬਦਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ਦੇ ਮੁੱਖ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਜੋ ਅੰਮ੍ਰਿਤਸਰ ਤੋਂ ਖਲੋਣ ਲਈ ਇਨਕਾਰ ਕਰ ਰਹੇ ਸਨ, ਪਰ ਸੋਨੀਆਂ ਗਾਂਧੀ ਦੇ ‘ਦਬਕੇ’ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਂ ਕਰ ਦਿੱਤੀ ਗਈ ਹੈ।
ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਭੇਜਣ ਤੋਂ ਬਾਅਦ ਪੰਜਾਬ ਦੇ ਨਾਲ ਨਾਲ ਮਾਝੇ ਦੇ ਸਿਆਸੀ ਸਮੀਕਰਨ ਵੀ ਬਦਲ ਗਏ ਹਨ।ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਅੰਦਰਖਾਤੇ ਡਰ ਅਤੇ ਸਹਿਮ ਦੇ ਮਾਹੋਲ ਵਿਚ ਹੈ।ਉਧਰ ਕਾਂਗਰਸ ਧੜਿਆਂ ਵਿੱਚ ਵੰਡੀ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪਾਰਟੀ ਦੇ ਕਿਸੇ ਵੀ ਧੜੇ ਦੇ ਵਿਰੋਧ ਦਾ ਭਾਵੇਂ ਸਾਹਮਣਾ ਨਹੀਂ ਕਰਨਾ ਪਵੇਗਾ, ਪ੍ਰੰਤੂ ਉਮ ਪ੍ਰਕਾਸ਼ ਸੋਨੀ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜਕੁਮਾਰ ਵੇਰਕਾ, ਜਸਬੀਰ ਸਿੰਘ ਡਿੰਪਾ, ਲਾਲੀ ਮਜੀਠੀਆ, ਯੂਥ ਕਾਂਗਰਸੀ ਆਗੂ ਆਦਿ ਸਭ ਨੂੰ ਇੱਕਮੁੱਠ ਹੋ ਕੇ ਕੈਪਟਨ ਦੀ ਜਿੱਤ ਲਈ ਦਿਨ ਰਾਤ ਮਿਹਨਤ ਕਰਨੀ ਪਵੇਗੀ।
ਅਗਰ ਖਡੂਰ ਸਾਹਿਬ ਹਲਕੇ ਵੱਲ ਥੋੜੀ ਬਹੁਤੀ ਝਾਤ ਮਾਰੀਏ ਤਾਂ ਇਥੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਝੇ ਦੇ ਸਾਬਕਾ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ, ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦਰਮਿਆਨ ਟੱਕਰ ਹੋਣ ਦੇ ਆਸਾਰ ਹਨ।ਸੰਸਦੀ ਹਲਕਾ ਖਡੂਰ ਸਾਹਿਬ ਦੇ ਜੰਡਿਆਲਾ ਵਿਧਾਨ ਸਭਾ ਹਲਕੇ ਵਿੱਚ ਅੰਮ੍ਰਿਤਸਰ ਦੇ ਨਾਲ-ਨਾਲ ਖਡੂਰ ਸਾਹਿਬ ਹਲਕੇ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।ਇਥੋਂ ਵੀ ਕੁੱਝ ‘ਅਕਾਲੀ ਬਨਾਮ ਕਾਂਗਰਸੀ’ ਆਗੂ ਅੰਮ੍ਰਿਤਸਰ  ਤੋਂ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕਰ ਸਕਦੇ ਹਨ। ਜਿਨਾਂ ਵਿਚ ਇਕ ਕੈਪਟਨ ਅਤੇ ਇਕ ਜਸਬੀਰ ਸਿੰਘ ਡਿੰਪਾ ਦਾ ਖਾਸਮਖਾਸ ਦੱਸਿਆ ਜਾ ਰਿਹਾ ਹੈ।ਜਦੋਂ ਕਿ ਇਕ ਰਾਣਾ ਗੁਰਜੀਤ ਸਿੰਘ ਦਾ ਖਾਸਮਖਾਸ ਹੁਣੇ ਹੁਣੇ ਕਾਗਰਸ ਵਿਚ ਸ਼ਾਮਿਲ ਹੋ ਕੇ ਵਾਪਿਸ ਅਕਾਲੀ ਦਲ ਵਿਚ ਜਾਣ ਦੀ ਤਿਆਰੀ ਵਿਚ ਹੈ।ਜਿਸ ਦਾ ਐਲਾਨ ਇਸੇ ਹਫਤੇ ਹੋਣ ਦੀ ਸੰਭਾਵਨਾ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਖੜੇ ਹੋਣ ਤੋਂ ਬਾਅਦ ਮਾਝੇ ਦੇ ਲਗਭਗ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਵਰਕਰਾਂ ਵਿਚ ਜੋਸ਼ ਭਰ ਗਿਆ ਹੈ।ਸਾਰੇ ਹਲਕਿਆਂ ਵਿੱਚ ਖਾਮੋਸ਼ ਬੈਠੇ  ਕਾਂਗਰਸੀ ਵਰਕਰ ਬਾਹਰ ਨਿਕਲ ਆਏ ਹਨ।ਜਿਸ ਦਾ ਅਸਰ ਅੰਮ੍ਰਿਤਸਰ ਦੇ ਨਾਲ-ਨਾਲ ਖਡੂਰ ਸਾਹਿਬ ਹਲਕੇ ‘ਚ ਜਰੂਰ ਪਵੇਗਾ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply