ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਾ ਜਸ਼ਨ, ਡੀਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਲਾਈਫਲੌਂਗ ਲਰਨਿੰਗ ਵਲੋਂ ਕਰਵਾਈ ਗਈ ਤਿੰਨ ਰੋਜ਼ਾ ਪ੍ਰਦਰਸ਼ਨੀ `ਫਬਤ-2025` ਯੂਨੀਵਰਸਿਟੀ ਕੈਂਪਸ ਵਿਖੇ ਸਫਲਤਾਪੂਰਵਕ ਸੰਪਨ ਹੋਈ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਰੰਗੋਲੀ, ਨੇਲ ਆਰਟ, ਮਹਿੰਦੀ, ਰਸੋਈ ਅਤੇ ਤਕਨੀਕੀ ਹੁਨਰ ਨਾਲ ਸੰਬੰਧਿਤ ਪੈਂਫਲੈਟ ਤੇ ਬੈਨਰ ਮੇਕਿੰਗ ਵਰਗੇ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਵਿਭਾਗ ਦੀ ਨਵੀਨਤਾ, ਹੁਨਰ ਵਿਕਾਸ ਅਤੇ ਸਰਬਪੱਖੀ ਸਿੱਖਿਆ ਪ੍ਰਤੀ ਵਚਨਬੱਧਤਾ ਦੀ ਸਰਾਹਨਾ ਕੀਤੀ।ਇਨਾਮ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਪ੍ਰੋ. (ਡਾ.) ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ ਨੇ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਸਿਰਜਣਾਤਮਕ ਪ੍ਰੋਗਰਾਮਾਂ ’ਚ ਹਿੱਸਾ ਲੈਣ ਅਤੇ ਸਟਾਰਟਅਪ ਰਾਹੀਂ ਰੁਜ਼ਗਾਰ ਦੇ ਮੌਕੇ ਸਿਰਜਣ ਲਈ ਪ੍ਰੇਰਿਤ ਕੀਤਾ।ਡਿਪਾਰਟਮੈਂਟ ਦੀ ਡਾਇਰੈਕਟਰ ਡਾ. ਸਤਵਿੰਦਰਜੀਤ ਕੌਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਯੂਨੀਵਰਸਿਟੀ ਪ੍ਰਸ਼ਾਸਨ, ਫੈਕਲਟੀ, ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ।ਇਸ ਪ੍ਰਦਰਸ਼ਨੀ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਸਿੱਖਿਆ ਦੇ ਨਵੇਂ ਆਯਾਮ ਸਥਾਪਤ ਕਰਨ ’ਚ ਅਹਿਮ ਭੂਮਿਕਾ ਨਿਭਾਈ।