ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਵਿਗਿਆਨ ਵਿਭਾਗ ਨੇ ਸਾਇੰਸ ਕਲੱਬ ਅਤੇ ਈਕੋ ਕਲੱਬ ਦੇ ਸਾਂਝੇ
ਯਤਨਾਂ ਸਦਕਾ ਪਰਿਆਵਰਣ ਸੰਰਕਸ਼ਣ ਗਤੀਵਿਧੀ (ਹਰਿਆਵਲ ਪੰਜਾਬ) ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ‘ਵਿਸ਼ਵ ਪੱਧਰ ’ਤੇ ਪਲਾਸਟਿਕ ਪ੍ਰਦੂਸ਼ਣ ਦਾ ਅੰਤ’ ਵਿਸ਼ੇ ’ਤੇ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ।ਪ੍ਰੋਗਰਾਮ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਉਪਰਾਲੇ ਸਦਕਾ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡੀਨ ਸੀ.ਡੀ.ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੌਰਾਨ ਪੁੱਜੇ ਸਮੂਹ ਮਹਿਮਾਨਾਂ ਦਾ ਪੌਦਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਆਪਣੇ ਸੰਬੋਧਨ ’ਚ ਪਲਾਸਟਿਕ ਪ੍ਰਦੂਸ਼ਣ ਨੂੰ ਇਕ ਮਹੱਤਵਪੂਰਨ ਵਿਸ਼ਵਵਿਆਪੀ ਚਿੰਤਾ ਵਜੋਂ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਸਮਾਗਮ ’ਚ ਵਾਤਾਵਰਣ ਸੰਭਾਲ ਗਤੀਵਿਧੀ ਦੇ ਬੁਲਾਰਿਆਂ ਦਾ ਇੱਕ ਵਿਸ਼ੇਸ਼ ਪੈਨਲ ਸ਼ਾਮਿਲ ਸੀ, ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਡਾ. ਰਾਜੀਵ, ਡਾ. ਗਾਇਤਰੀ ਸ਼ੂਰ, ਪੀ.ਐਨ ਸ਼ਰਮਾ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕਰਦਿਆਂ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਅਭਿਆਸਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਵਿਗਿਆਨ ਵਿਭਾਗ ਮੁੱਖੀ ਡਾ. ਮਨਬੀਰ ਕੌਰ ਨੇ ਕਾਲਜ ਦੇ ਫਰਵਰੀ 2025 ’ਚ ਸ਼ੁਰੂ ਕੀਤੇ ਗਏ ਜ਼ੀਰੋ ਵੇਸਟ ਕੈਂਪਸ ਵੱਲ ਉਤਸ਼ਾਹੀ ਕਦਮ ਨੂੰ ਉਜਾਗਰ ਕੀਤਾ ਗਿਆ।
ਇਸ ਦੌਰਾਨ ਇੰਟਰਐਕਟਿਵ ਸੈਸ਼ਨਾਂ ’ਚ ਹਰਿਆਵਲ ਪੰਜਾਬ ਟੀਮ ਦੇ ਡਾ. ਰਾਜੀਵ ਨੇ ਪਲਾਸਟਿਕ ਰਹਿੰਦ-ਖੂੰਹਦ ਤੋਂ ਈਕੋ-ਇੱਟਾਂ ਬਣਾਉਣਾ ਅਤੇ ਗਿੱਲੇ ਰਹਿਦ-ਖੂੰਹਦ ਤੋਂ ਬਾਇਓਐਨਜ਼ਾਈਮ ਤਿਆਰ ਕਰਨਾ ਵਾਤਾਵਰਣ-ਅਨੁਕੂਲ ਅਭਿਆਸਾਂ ਸਬੰਧੀ ਗਿਆਨ ਪ੍ਰਦਾਨ ਕੀਤਾ।ਜਦਕਿ ਰਾਜਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਨਮ ਦਿਨ ’ਤੇ ਰੁੱਖ ਲਗਾਉਣਾ, ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਦੇ ਮੱਦੇਨਜ਼ਰ ਟਿਕਾਊ ਆਦਤਾਂ ਅਪਨਾਉਣ ਲਈ ਉਤਸ਼ਾਹਿਤ ਕੀਤਾ।
ਡਾ. ਸੁਰਿੰਦਰ ਕੌਰ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਸੰਸਥਾਗਤ ਪੱਧਰਾਂ ’ਤੇ ਨਿਰੰਤਰ ਵਾਤਾਵਰਣ ਸ਼ਮੂਲੀਅਤ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ’ਚ ਕਾਲਜ ਦੀ ਏਅਰ ਕੇਅਰ ਟੀਮ ਨੇ ਸਰਗਰਮ ਭੂਮਿਕਾ ਨਿਭਾਈ।ਉਨ੍ਹਾਂ ਕਿਹਾ ਕਿ ਏਅਰ ਕੇਅਰ ਫੈਲੋ ਸ੍ਰੀਮਤੀ ਏਕਪ੍ਰੀਤ ਕੌਰ ਨੇ ਪ੍ਰਦੂਸ਼ਣ ਦੇ ਸਿਹਤ ਪ੍ਰਭਾਵਾਂ ’ਤੇ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ, ਜਿਸ ਦੇ ਸਨਮਾਨ ’ਚ ਏਅਰ ਕੇਅਰ ਫੈਲੋ ਨੂੰ ਹਰਿਆਵਲ ਪੰਜਾਬ ਟੀਮ ਦੁਆਰਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਾਲਜ ਨੇ ‘ਏਕ ਪੇੜ ਮਾਂ ਕੇ ਨਾਮ 2.0’ ਦੇ ਸਬੰਧ ’ਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਉਚ ਸਿੱਖਿਆ ਵਿਭਾਗ, ਡੀਨ ਸੀ.ਡੀ.ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾਂ ਕੈਂਪੇਗਨ ਲਈ ਪੌਦੇ ਵੀ ਲਗਾਏ ਗਏ।ਕਾਲਜ ਕੈਂਪਸ ਦੇ ਗਾਰਡਨਰਜ਼ ਨੂੰ ਸਾਫ਼ ਅਤੇ ਹਰਿਆ-ਭਰਿਆ ਵਾਤਾਵਰਣ ਬਣਾਈ ਰੱਖਣ ’ਚ ਸਮਰਪਿਤ ਯੋਗਦਾਨ ਲਈ ਟਰਾਫ਼ੀਆਂ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਸਾਇੰਸ ਕਲਬ ਦੀ ਕੋਆਰਡੀਨੇਟਰ ਡਾ. ਨਿਰਮਲ ਕੌਰ ਅਤੇ ਈਕੋ ਕਲਬ ਦੀ ਕੋਆਰਡੀਨੇਟਰ ਡਾ. ਕੁਮਾਰੀ ਸੀਤਾ ਨੂੰ ਮਿਸਾਲੀ ਤਾਲਮੇਲ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media