ਅੰਮ੍ਰਿਤਸਰ 19 ਦਸੰਬਰ (ਜਗਦੀਪ ਸਿੰਘ) – ਨਗਰ ਨਿਗਮ ਵੱਲੋਂ ਸ਼ਹਿਰ ਅਧੀਨ ਆਉਂਦੀਆਂ ਪ੍ਰਾਪਰਟੀਆਂ (ਘਰ, ਵਪਾਰਕ ਅਤੇ ਰਿਹਾਇਸ਼ੀ ਇਮਾਰਤਾਂ, ਦੁਕਾਨਾਂ,
ਫੈਕਟਰੀਆਂ ਆਦਿ) ਦੀ ਡਿਜ਼ੀਟਲ ਮੈਪਿੰਗ ਲਈ ਕਰਵਾਏ ਜਾ ਰਹੇ ਜੀ.ਆਈ.ਐਸ ਸਰਵੇ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਮੰਗੇ ਜਾਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਨਗਰ ਨਿਗਮ ਕਮਿਸ਼ਨਰ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ।ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਸ਼ਹਿਰ ਦੀਆਂ ਲਗਭਗ ਚਾਰ ਲੱਖ ਪ੍ਰਾਪਰਟੀਆਂ ਦੀ ਡਿਜ਼ੀਟਲ ਮੈਪਿੰਗ ਲਈ ਸਾਈਬਰ ਸਵਿਫਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ।ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਲੋਕ ਜੀ.ਆਈ.ਐਸ ਸਰਵੇ ਦੇ ਨਾਂ ’ਤੇ ਘਰਾਂ ਤੋਂ ਸੌ-ਸੌ ਰੁਪਏ ਵਸੂਲ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਗਰ ਨਿਗਮ ਵੱਲੋਂ ਸਾਈਬਰ ਸਵਿਫਟ ਕੰਪਨੀ ਤੋਂ ਇਲਾਵਾ ਕਿਸੇ ਹੋਰ ਕੰਪਨੀ ਜਾਂ ਸੰਸਥਾ ਨੂੰ ਜੀ.ਆਈ.ਐਸ ਸਰਵੇ ਲਈ ਨਿਯੁੱਕਤ ਨਹੀਂ ਕੀਤਾ ਗਿਆ ਹੈ।ਕੰਪਨੀ ਦੇ ਕਰਮਚਾਰੀ ਹੀ ਘਰ-ਘਰ ਜਾ ਕੇ ਬਿਨਾਂ ਕਿਸੇ ਫੀਸ ਦੇ ਇਹ ਸਰਵੇ ਕਰ ਰਹੇ ਹਨ।ਸ਼ਹਿਰ ਵਾਸੀਆਂ ਨੂੰ ਸਿਰਫ਼ ਸਰਵੇ ਟੀਮ ਨੂੰ ਆਪਣੀ ਪ੍ਰਾਪਰਟੀ ਸੰਬੰਧਿਤ ਜਾਣਕਾਰੀ ਦੇਣੀ ਹੈ ਅਤੇ ਜੇ ਕੋਈ ਵੀ ਵਿਅਕਤੀ ਸਰਵੇ ਦੇ ਨਾਂ ’ਤੇ ਪੈਸਿਆਂ ਦੀ ਮੰਗ ਕਰੇ ਤਾਂ ਉਸ ਦੀ ਸੂਚਨਾ ਤੁਰੰਤ ਨਗਰ ਨਿਗਮ ਨੂੰ ਦਿੱਤੀ ਜਾਵੇ।
ਸਰਵੇ ਦੀ ਪ੍ਰਗਤੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਸਮੇਂ ਸਰਵੇ ਟੀਮਾਂ ਵਲੋਂ ਵਾਰਡ ਨੰਬਰ 3, 4, 31 ਅਤੇ 67 ਵਿੱਚ ਘਰ-ਘਰ ਜਾ ਕੇ ਜੀ.ਆਈ.ਐਸ ਸਰਵੇ ਕੀਤਾ ਜਾ ਰਿਹਾ ਹੈ।ਅਗਲੇ 10-15 ਦਿਨਾਂ ਵਿੱਚ ਵਾਰਡ ਨੰਬਰ 7, 32, 69 ਅਤੇ 71 ਵਿੱਚ ਸਰਵੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ।ਡਿਜ਼ੀਟਲ ਮੈਪਿੰਗ ਨਾਲ ਨਗਰ ਨਿਗਮ ਨੂੰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ, ਬਿਹਤਰ ਟਾਊਨ ਪਲਾਨਿੰਗ, ਪਬਲਿਕ ਟਰਾਂਸਪੋਰਟ ਪ੍ਰਣਾਲੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੁਧਾਰਨ ਵਿੱਚ ਮਦਦ ਮਿਲੇਗੀ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media