ਸੰਗਤਾਂ ਦੀ ਸਹੂਲਤ ਲਈ ਬੈਟਰੀਕਾਰ ਦੀ ਸੇਵਾ ਕੀਤੀ ਸ਼ੁਰੂ

ਨਵੀਂ ਦਿੱਲੀ, 15 ਜਨਵਰੀ (ਅਮਮ੍ਰਿਤ ਲਾਲ ਮੰਨਣ) -ਸ੍ਰੀ ਅੰਨਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਆਰੰਭਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕੀਤੀ ਗਈ। ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਪ੍ਰੇਰਿਤ ਕਰਨ ਅਤੇ ਆਪਣੇ ਘਰਾਂ ਵਿੱਚ ਸੈਂਚੀਆਂ ਰਾਹੀਂ ਸ਼ੁੱਧ ਸਹਿਜ ਪਾਠ ਲਹਿਰ ਚਲਾਉਣ ਲਈ ਕਮੇਟੀ ਵੱਲੋਂ ਇਹ ਉਪਰਾਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿਜੀ ਚੈਨਲ ਚੜ੍ਹਦੀਕਲਾ ਟਾਈਮ ਟੀ.ਵੀ. ਤੇ ਇਸ ਸਹਿਜ ਪਾਠ ਨੂੰ ਰੋਜ਼ਾਨਾ ਰਾਤ 9.30 ਵਜ੍ਹੇ ਤੋਂ 10.00 ਵਜ੍ਹੇ ਤੱਕ ਦਿਖਾਇਆ ਜਾਵੇਗਾ ਤੇ ਪਾਠ ਕਰਨ ਦੀ ਸੇਵਾ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਵੱਲੋਂ ਨਿਭਾਈ ਜਾਵੇਗੀ।
ਸਹਿਜ ਪਾਠ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਕੀਤੀ। ਕੇਂਦਰੀ ਫੂਡ ਪ੍ਰੇਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅਰਦਾਸ ਮੌਕੇ ਸੰਗਤਾਂ ਵਿੱਚ ਸ਼ਾਮਿਲ ਹੋਏ। ਜਿਥੇ ਅਰਦਾਸ ਉਪਰੰਤ ਗਿਆਨੀ ਮਾਰਕੰਡਾ ਨੂੰ ਕਮੇਟੀ ਵੱਲੋਂ 1 ਲੱਖ ਰੁਪਏ ਦਾ ਚੈਕ, ਦੁਸ਼ਾਲਾ ਅਤੇ ਦਸਤਾਰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਵੇਖਦੇ ਹੋਏ ਦਿੱਤੀ ਗਈ, ਉਥੇ ਹੀ ਬੀਬਾ ਬਾਦਲ, ਨਿਯੂਜ਼ੀਲੈਂਡ ਤੋਂ ਸਿੱਖ ਸਾਂਸਦ ਕੰਵਲਜੀਤ ਸਿੰਘ ਬਖਸ਼ੀ, ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਅਤੇ ਹੋਰ ਪੱਤਵੰਤਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਹਿਜ ਪਾਠ ਦੀ ਆਰੰਭਤਾ ਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਕਮੇਟੀ ਵੱਲੋਂ ਬੀਤੇ 23 ਮਹੀਨਿਆ ਦੌਰਾਨ ਕੀਤੇ ਗਏ ਕਾਰਜਾਂ ਵਿੱਚ ਨਵੀਂ ਪਲਾਂਘ ਵੀ ਕਰਾਰ ਦਿੱਤਾ। ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨੇੜਤਾ ਕਾਇਮ ਕਰਨ ਅਤੇ ਜੁੜਨ ਦਾ ਸੁਨਹਿਰਾ ਮੌਕਾ ਵੀ ਜੀ.ਕੇ. ਨੇ ਇਸ ਉਪਰਾਲੇ ਸਦਕਾ ਸੰਗਤਾਂ ਨੂੰ ਮਿਲਣ ਦਾ ਦਾਅਵਾ ਕੀਤਾ। ਇਸ ਵਿਸ਼ੇਸ਼ ਪ੍ਰਸਾਰਣ ਦੀ ਖੁੂਬੀਆ ਬਾਰੇ ਦੱਸਦੇ ਹੋਏ ਜੀ.ਕੇ. ਨੇ ਕਿਹਾ ਕਿ ਜਿਨ੍ਹਾਂ ਸੰਗਤਾਂ ਕੋਲ ਘਰਾਂ ਵਿੱਚ ਸੈਂਚੀਆਂ ਨਹੀਂ ਹਨ ਉਹ ਵੀ ਟੀ.ਵੀ. ਦੇ ਪ੍ਰਸਾਰਣ ਦੌਰਾਨ ਸਕ੍ਰੀਨ ਤੇ ਦਿਖਾਈ ਜਾ ਰਹੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਸ਼ੁੱਧ ਤਰੀਕੇ ਨਾਲ ਭਾਈ ਸਾਹਿਬ ਦੇ ਬਰਾਬਰ ਪੜ ਸਕੱਣਗੇ। ਦਿੱਲੀ ਕਮੇਟੀ ਪਾਸੋ ਸੰਗਤਾਂ ਨੂੰ ਸੈਂਚੀਆਂ ਖਰੀਦਣ ਤੇ ਵਿਸ਼ੇਸ਼ ਛੋਟ ਦੇਣ ਦੀ ਵੀ ਜੀ.ਕੇ. ਨੇ ਗੱਲ ਆਖੀ। ਵਿਧਵਾਨਾਂ ਵੱਲੋਂ ਕੀਤੇ ਜਾਂਦੇ ਸ਼ੁੱਧ ਪਾਠ ਦੀ ਤਰਜ ਤੇ ਸਹਿਜ ਪਾਠ ਦੀ ਇਸ ਸੰਥਿਆਂ ਸਦਕਾ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਸ਼ਬਦ ਗੁਰੂ ਬਾਰੇ ਵਿਸਤਾਰ ਨਾਲ ਸਮਝਣ, ਸੋਚਣ ਅਤੇ ਹਿਰਦੇ ਵਿੱਚ ਵਸਾਉਣ ਵਾਸਤੇ ਮੌਕਾ ਮਿਲਣ ਦਾ ਵੀ ਜੀ.ਕੇ. ਨੇ ਇਸ਼ਾਰਾ ਕੀਤਾ।
ਸੰਗਤਾਂ ਦੀ ਸਹੂਲਤ ਲਈ ਬੈਟਰੀਕਾਰ ਦੀ ਸੇਵਾ ਕੀਤੀ ਸ਼ੁਰੂ
ਕਮੇਟੀ ਵੱਲੋਂ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੇ ਦੋਨੋ ਮੁੱਖ ਦਰਵਾਜ਼ਿਆਂ ਤੋਂ ਬਜ਼ੁਰਗ ਅਤੇ ਅਪਾਹਿਜ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਲਿਆਉਣ ਵਾਸਤੇ ਬੈਟਰੀਕਾਰ ਦੀ ਸੇਵਾ ਦੀ ਸ਼ੁਰੂਆਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਖੜਗ ਸਿੰਘ ਮਾਰਗ ਅਤੇ ਰਾਜਾ ਜੈ ਸਿੰਘ ਮਾਰਗ ਵਿਖੇ ਪਾਰਕਿੰਗ ਦੇ ਮੁੱਖ ਦਰਵਾਜ਼ਿਆਂ ਤੋਂ ਚਲਣ ਫਿਰਣ ਤੋਂ ਅਸਮਰੱਥ ਸੰਗਤਾਂ ਨੂੰ ਗੁਰੂ ਦਰਬਾਰ ਦੇ ਦਰਸ਼ਨ ਕਰਵਾਉਣ ਵਾਸਤੇ ਕਮੇਟੀ ਵੱਲੋਂ ਫਿਲਹਾਲ ਦੋ ਬੈਟਰੀਕਾਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਕਾਰਾਂ ਸੰਗਤਾਂ ਨੂੰ ਪਾਰਕਿੰਗ ਦੇ ਮੁੱਖ ਦਰਵਾਜ਼ੇ ਤੋਂ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਅਤੇ ਵਾਪਿਸ ਪਾਰਕਿੰਗ ਤੱਕ ਛੱਡਣ ਦੀ ਸੇਵਾ ਕਰਨਗੀਆਂ। ਗੁਰਦੁਆਰਾ ਸਾਹਿਬ ਦੀ ਡਿਉਢੀ ਤੇ ਪੌੜੀਆਂ ਵਿਚਕਾਰ ਬਣੇ ਵਿਸ਼ੇਸ਼ ਰੈਂਪ ਰਾਹੀਂ ਵਿਲ੍ਹਚੇਅਰ ਦੀ ਮਦਦ ਨਾਲ ਉਕਤ ਸੰਗਤਾਂ ਗੁਰੂ ਦਰਬਾਰ ਵਿੱਚ ਦਰਸ਼ਨਾ ਲਈ ਜਾ ਸਕਣਗੀਆਂ।
ਇਨ੍ਹਾਂ ਸਮਾਗਮਾਂ ਦੌਰਾਨ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਕੁਲਮੋਹਨ ਸਿੰਘ, ਰਵੈਲ ਸਿੰਘ, ਸਮਰਦੀਪ ਸਿੰਘ ਸੰਨੀ, ਮਨਮਿੰਦਰ ਸਿੰਘ ਆਯੂਰ, ਜਸਬੀਰ ਸਿੰਘ ਜੱਸੀ ਅਤੇ ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਸਣੇ ਹੋਰ ਵੀ ਕਮੇਟੀ ਮੈਂਬਰ ਮੌਜੂਦ ਸਨ।
Punjab Post Daily Online Newspaper & Print Media