ਅੰਮ੍ਰਿਤਸਰ, 26 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 21 ਤੋਂ 24 ਫ਼ਰਵਰੀ ਤੱਕ ਯੂਨੀਵਰਸਿਟੀ ਵੇਲੋਡ੍ਰੋਮ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟ੍ਰੈਕ ਸਾਈਕਲਿੰਗ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ 2025-26 ਆਯੋਜਿਤ ਕੀਤੀ ਗਈ।ਇਸ ਰਾਸ਼ਟਰੀ ਪੱਧਰੀ ਮੁਕਾਬਲੇ ਵਿੱਚ ਦੇਸ਼ ਭਰ ਦੀਆਂ 40 ਤੋਂ ਵੱਧ ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਭਾਗ ਲੈ ਕੇ ਖੇਡ ਜਜ਼ਬੇ ਦਾ ਪ੍ਰਦਰਸ਼ਨ ਕੀਤਾ।
ਮੇਜ਼ਬਾਨ ਯੂਨੀਵਰਸਿਟੀ ਨੇ ਲਾਜਵਾਬ ਪ੍ਰਦਰਸ਼ਨ ਕਰਦਿਆਂ ਦੋਵੇਂ ਵਰਗਾਂ ਵਿੱਚ ਓਵਰਆਲ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ।ਪੁਰਸ਼ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 40 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੰਡੀਗੜ੍ਹ ਯੂਨੀਵਰਸਿਟੀ 16 ਅੰਕਾਂ ਨਾਲ ਦੂਜੇ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 14 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।ਮਹਿਲਾ ਵਰਗ ਵਿੱਚ ਵੀ ਗੁਰੂ ਨਾਨਕ ਦੇੇਵ ਯੂਨੀਵਰਸਿਟੀ ਨੇ 47 ਅੰਕਾਂ ਨਾਲ ਦਬਦਬਾ ਬਣਾਇਆ ਰੱਖਿਆ, ਐਲ.ਪੀ.ਯੂ. ਫਗਵਾੜਾ 12 ਅੰਕਾਂ ਨਾਲ ਰਨਰਜ਼-ਅੱਪ ਰਹੀ ਅਤੇ ਚਿਤਕਾਰਾ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਅਕਾਦਮਿਕ ਉਤਮਤਾ ਦੇ ਨਾਲ-ਨਾਲ ਖੇਡ ਪ੍ਰਤਿਭਾ ਨੂੰ ਨਿਖਾਰਣ ਲਈ ਵਚਨਬੱਧ ਰਹੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਮੁਕਾਬਲਾਤਮਕ ਜਜ਼ਬਾ ਪੈਦਾ ਕਰਦੇ ਹਨ ਅਤੇ ਸੰਸਥਾ ਦੀ ਸ਼ਾਨ ਨੂੰ ਹੋਰ ਵਧਾਉਂਦੇ ਹਨ।
ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਚਾਰ ਦਿਨ ਚੱਲੇ ਇਸ ਰੋਮਾਂਚਕ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਤੇਜ਼ੀ, ਸਹਿਨਸ਼ੀਲਤਾ ਅਤੇ ਰਣਨੀਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸੁਚੱਜੇ ਪ੍ਰਬੰਧ ਅਤੇ ਆਧੁਨਿਕ ਸਹੂਲਤਾਂ ਨੇ ਯੂਨੀਵਰਸਿਟੀ ਨੂੰ ਦੇਸ਼ ਵਿੱਚ ਖੇਡਾਂ ਦੇ ਮਹੱਤਵਪੂਰਨ ਕੇਂਦਰ ਵਜੋਂ ਹੋਰ ਮਜ਼ਬੂਤੀ ਨਾਲ ਸਥਾਪਿਤ ਕੀਤਾ।ਚੈਂਪੀਅਨਸ਼ਿਪ ਦਾ ਸਮਾਪਨ ਇਨਾਮ ਵੰਡ ਸਮਾਰੋਹ ਨਾਲ ਹੋਇਆ, ਜਿਸ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਕ ਵਾਰ ਫਿਰ ਯੂਨੀਵਰਸਿਟੀ ਖੇਡਾਂ ਵਿੱਚ ਆਪਣੀ ਅਗਵਾਈ ਸਾਬਤ ਕੀਤੀ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media