Tuesday, March 24, 2026

ਖਾਲਸਾ ਯੂਨੀਵਰਸਿਟੀ ਵੱਲੋਂ ਨਾਟਕ ‘ਟਿਕਟਾਂ ਦੋ ਲੈ ਲਈ’ ਦਾ ਸਫਲ ਮੰਚਨ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਰੰਗਮੰਚ ਕਲਾ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਨੂੰ ਨਿਖਾਰਨ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ। ਖਾਲਸਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਖੇਤਰ ’ਚ ਹੀ ਨਹੀਂ, ਸਗੋਂ ਕਲਾ, ਸੱਭਿਆਚਾਰ ਅਤੇ ਸਾਹਿਤ ’ਚ ਵੀ ਅਗਾਂਹ ਵਧਣ ਲਈ ਮੌਕੇ ਪ੍ਰਦਾਨ ਕਰਦੀ ਹੈ।ਇਹ ਇਜ਼ਹਾਰ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ’ਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਰਵਾਏ ਗਏ ਨਾਟਕ ‘ਟਿਕਟਾਂ ਦੋ ਲੈ ਲਈ’ ਦੇ ਸਫਲ ਮੰਚਨ ਉਪਰੰਤ ਕੀਤਾ।
ਨਾਟਕ ’ਚ ਹਰਦੀਪ ਗਿੱਲ, ਅਨੀਤਾ ਦੇਵਗਨ, ਭਰਤ ਭਰਿਆਲ, ਹਰਮੀਤ ਕੌਰ, ਗੁਰਦਿੱਤਪਾਲ ਸਿੰਘ, ਜਸਵੰਤ ਸਿੰਘ ਵੱਲੋਂ ਆਪਣੀ ਅਦਾਕਾਰੀ ਦੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਜਿਸ ਦੇ ਨਾਟਕਕਾਰ ਡਾ. ਹਰਭਜਨ ਸਿੰਘ ਢਿੱਲੋਂ, ਨਿਰਦੇਸ਼ਕ, ਨਰਿੰਦਰ ਸਾਂਘੀ, ਸੰਗੀਤ ਹਰਿੰਦਰ ਸੋਹਲ ਸਨ।’ਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਭਾਸ਼ਾਵਾਂ ਡੀਨ ਅਤੇ ਮੁਖੀ ਡਾ. ਰਮਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਨਾਟਕ ਦਾ ਮਕਸਦ ਵਿਦਿਆਰਥੀਆਂ ’ਚ ਰੰਗਮੰਚੀ ਕਲਾ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਸਮਾਜਿਕ ਮੁੱਦਿਆਂ ਨੂੰ ਨਾਟਕ ਦੇ ਮਾਧਿਅਮ ਰਾਹੀਂ ਉਜਾਗਰ ਕਰਨਾ ਸੀ।ਜਿਸ ਨੂੰ ਅਦਾਕਾਰਾਂ ਵੱਲੋਂ ਦਰਸ਼ਕਾਂ ਨੂੰ ਹਾਸੇ ਨਾਲ ਭਰਪੂਰ ਮਨੋਰੰਜਨ ਦੇ ਨਾਲ-ਨਾਲ ਗਹਿਰਾ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ।

ਨਾਟਕ ਦੀ ਸ਼ੁਰੂਆਤ ਤੋਂ ਪਹਿਲਾਂ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਵੱਲੋਂ ਡਾ. ਰਮਿੰਦਰ ਕੌਰ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਪੌਦਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਅਦਾਕਾਰਾਂ ਨੇ ਦੱਸਿਆ ਕਿ ਨਾਟਕ ‘ਟਿਕਟਾਂ ਦੋ ਲੈ ਲਈ’ ਦੀ ਕਹਾਣੀ ਆਧੁਨਿਕ ਸਮਾਜ ’ਚ ਰਿਸ਼ਤਿਆਂ ਦੀ ਬਦਲਦੀ ਸੋਚ, ਮਾਨਵਿਕ ਮੁੱਲਾਂ ਦੀ ਘਾਟ ਅਤੇ ਮਜ਼ਾਕੀਆ ਘਟਨਾਵਾਂ ਰਾਹੀਂ ਉਭਰ ਰਹੀਆਂ ਸਥਿਤੀਆਂ ’ਤੇ ਆਧਾਰਿਤ ਸੀ।ਉਨ੍ਹਾਂ ਕਿਹਾ ਕਿ ਕਹਾਣੀ ’ਚ ਦਿਖਾਇਆ ਗਿਆ ਕਿ ਕਿਵੇਂ ਛੋਟੀਆਂ-ਛੋਟੀਆਂ ਗਲਤਫਹਿਮੀਆਂ ਅਤੇ ਲਾਲਚ ਮਨੁੱਖੀ ਰਿਸ਼ਤਿਆਂ ’ਚ ਦਰਾਰ ਪਾ ਦਿੰਦੀਆਂ ਹਨ, ਪਰ ਅੰਤ ’ਚ ਸੱਚਾਈ ਅਤੇ ਸੱਚੇ ਪਿਆਰ ਦੀ ਹੀ ਜਿੱਤ ਹੁੰਦੀ ਹੈ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਨਾਟਕ ਦੌਰਾਨ ਉਕਤ ਕਲਾਕਾਰਾਂ ਨੇ ਡਾਇਲਾਗ ਡਿਲਿਵਰੀ, ਹਾਵ-ਭਾਵ ਅਤੇ ਮੰਚ ਸਾਜ-ਸਜਾਵਟ ਦੇ ਨਾਲ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਨਾਟਕ ਦੀ ਦਿਸ਼ਾ-ਨਿਰਦੇਸ਼ੀ ਅਤੇ ਮੰਚ ਸਾਜ-ਸੰਭਾਲ ਵੀ ਬੇਹੱਦ ਪੇਸ਼ੇਵਰ ਢੰਗ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਇੱਕ ਅਸਲੀ ਰੰਗਮੰਚੀ ਅਨੁਭਵ ਵਾਂਗ ਬਣ ਗਿਆ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ’ਚ ਵੀ ਅਜਿਹੇ ਹੋਰ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੀ ਰਹੇਗੀ।
ਸ: ਛੀਨਾ ਵੱਲੋਂ ਸਮੂਹ ਕਲਾਕਾਰਾਂ ਅਤੇ ਹੋਰਨਾਂ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੇ ਕਲਾਕਾਰਾਂ ਦੀ ਮਿਹਨਤ, ਸਮਰਪਣ ਅਤੇ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਯੂਨੀਵਰਸਿਟੀ ਦੀ ਸੱਭਿਆਚਾਰਕ ਧਰੋਹਰ ਨੂੰ ਮਜ਼ਬੂਤ ਬਣਾਉਂਦੇ ਹਨ।
ਇਸ ਮੌਕੇ ਸ੍ਰੀਮਤੀ ਤਜਿੰਦਰ ਕੌਰ ਛੀਨਾ, ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ …