Thursday, April 30, 2026

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ ਬੈਚ ਏ.ਐਨ.ਐਮ, ਜੀ.ਐਨ ਐਮ, ਬੇਸਿਕ ਬੀ. ਐਸ.ਸੀ ਨਰਸਿੰਗ ਸੈਸ਼ਨ 2025-26 ਸਬੰਧੀ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਮੌਕੇ ਸਰਕਾਰੀ ਨਰਸਿੰਗ ਕਾਲਜ ਪ੍ਰਿੰਸੀਪਲ ਡਾ. ਭੁਵਨੇਸ਼ ਸ਼ੁਕਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਸਮਾਰੋਹ ਦਾ ਮਕਸਦ ਫਲੋਰੈਂਸ ਨਾਈਟਿੰਗੇਲ-ਦਿ ਲੇਡੀ ਵਿਦ ਦ ਲੈਂਪ ਨੂੰ ਸ਼ਰਧਾਂਜਲੀ ਦੇਣਾ ਸੀ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਡਾ. ਸ਼ੁਕਲਾ ਅਤੇ ਹੋਰ ਪਤਵੰਤਿਆਂ ਦਾ ਪੌਦਾ ਭੇਂਟ ਕਰਕੇ ਸਵਾਗਤ ਕੀਤਾ।ਪ੍ਰਿੰ: ਡਾ. ਅਮਨਪਰੀਤ ਕੌਰ ਪ੍ਰਿੰਸੀਪਲ ਨੇ ਨਵੀਆਂ ਉਭਰਦੀਆਂ ਨਰਸਾਂ ਨੂੰ ਉਤਸ਼ਾਹਿਤ ਕਰਦਿਆਂ ‘ਜਗਦੀ ਹੋਈ ਜੋਤ’ ਦੇ ਪ੍ਰਤੀਕ ਨੂੰ ਸਮਝਾਇਆ।ਉਨ੍ਹਾਂ ਕਿਹਾ ਕਿ ਇਹ ਜੋਤ ਬਾਹਰਲੇ ਅੰਧਕਾਰ ਦੀ ਯਾਦ ਦਿਵਾਉਂਦੀ ਹੈ, ਆਸ ਦੀ ਨਿਸ਼ਾਨੀ ਹੈ ਅਤੇ ਦੂਜਿਆਂ ਲਈ ਖੁਦ ਨੂੰ ਸਮਰਪਿਤ ਕਰਨ ਦੀ ਪ੍ਰੇਰਣਾ ਦਿੰਦੀ ਹੈ।
ਡਾ. ਸ਼ੁਕਲਾ ਨੇ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨਾਲ ਮਿਲ ਕੇ ਸਬੰਧਿਤ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਨੂੰ ਇਮਾਨਦਾਰੀ, ਲਗਨ ਅਤੇ ਸੇਵਾ ਭਾਵਨਾ ਵਰਗੀ ਦੂਰਅੰਦੇਸ਼ੀ ਸੋਚ ਨਾਲ ਕਰਨ ਲਈ ਪ੍ਰਣ ਦਿਵਾਇਆ।ਉਨ੍ਹਾਂ ਨਵੇਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਆਪਣੇ ਕੰਮ ਪ੍ਰਤੀ ਆਪਣੇ ਅੰਦਰੂਨੀ ਜਨੂੰਨ ਫ਼ਿੱਕਾ ਨਾ ਪੈਣ ਦੇਣ।
ਉਨ੍ਹਾਂ ਨੇ ਫਲੋਰੈਂਸ ਨਾਇਟਿੰਗੇਲ ਦੀ ਜੀਵਨ ਸ਼ੈਲੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।ਸਮਾਗਮ ਦੀ ਆਯੋਜਕ ਸਮੀਤਾ ਇਨੋਸ਼, ਡਾ. ਮੋਨਿਕਾ ਡੋਗਰਾ ਅਤੇ ਸਹਿ-ਆਯੋਜਕ ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਨਰਸਿੰਗ ਪੇਸ਼ੇ ਦੀ ਮਰਿਯਾਦਾ ਅਤੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ।ਸਮਾਗਮ ’ਚ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਹਾਜ਼ਰ ਸਨ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …