ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਧਾਰਮਿਕ ਅਧਿਐਨ ਵਿਭਾਗ ਅਤੇ ਗੁਰਮਤਿ ਸਟੱਡੀ ਸੈਂਟਰ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਮੁਕਾਬਲੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ’ਚੋਂ ਲੜਕਿਆਂ ਨੇ ਦਸਤਾਰ (ਪੱਗਾਂ) ਅਤੇ ਲੜਕੀਆਂ ਨੇ ਦੁਮਾਲੇ ਸਜਾਏ।
ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਨਾ ਦਿੰਦਿਆਂ ਸਿੱਖ ਧਰਮ ਅਤੇ ਪੰਜਾਬ ਦੇ ਸੱਭਿਆਚਾਰ ’ਚ ਦਸਤਾਰ ਦੇ ਮਹੱਤਵ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਿੱਖ ਇਤਿਹਾਸ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵਿਦਿਆਰਥੀਆਂ ਨੂੰ ਦਸਤਾਰ ਦੇ ਇਤਿਹਾਸਕ ਪਿਛੋਕੜ ਤੋਂ ਜਾਣ੍ਰ ਕਰਵਾਉਂਦਿਆਂ ਸਿੱਖ ਧਰਮ ਅਤੇ ਇਤਿਹਾਸ ’ਚ ਦਸਤਾਰ ਨਾਲ ਸਬੰਧਿਤ ਵੱਖ-ਵੱਖ ਪੱਖਾਂ ’ਤੇ ਚਾਨਣਾ ਪਾਇਆ।
ਡਾ. ਮਹਿਲ ਸਿੰਘ ਨੇ ਪ੍ਰਿੰ: ਡਾ. ਰੰਧਾਵਾ ਅਤੇ ਡਾ. ਗੋਗੋਆਣੀ ਨਾਲ ਮਿਲ ਕੇ ਲੜਕਿਆਂ ਦੇ ਦਸਤਾਰ ਸਜਾਉਣ ਮੁਕਾਬਲੇ ’ਚ ਅਭੈਰਾਜ ਸਿੰਘ, ਪ੍ਰੇਮਦੀਪ ਸਿੰਘ, ਗੁਰਸੇਵਕ ਸਿੰਘ ਵੱਲੋਂ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਅਤੇ ਵਿਸ਼ੇਸ਼ ਸਥਾਨ ਹਾਸਲ ਕਰਨ ਵਾਲੇ ਜੋਰਾਵਰ ਸਿੰਘ ਨੂੰ ਸਨਮਾਨਿਤ ਕੀਤਾ।ਲੜਕੀਆਂ ’ਚੋਂ ਦੁਮਾਲਾ ਸਜਾਉਣ ’ਚ ਲਵਪ੍ਰੀਤ ਕੌਰ ਨੇ ਪਹਿਲਾ ਸਥਾਨ, ਰਾਜਬੀਰ ਕੌਰ ਨੇ ਦੂਸਰਾ, ਮਨਜੀਤ ਕੌਰ ਨੇ ਤੀਸਰਾ ਅਤੇ ਪਰਮਵੀਰ ਕੌਰ ਨੇ ਵਿਸ਼ੇਸ਼ ਸਥਾਨ ਸਥਾਨ ਪ੍ਰਾਪਤ ਕੀਤੇ।
ਪ੍ਰਿੰ: ਡਾ. ਰੰਧਾਵਾ ਨੇ ਸਿੱਖ ਵਿਰਸੇ ਅਤੇ ਵਿਰਾਸਤ ਨਾਲ ਸਿੱਖ ਵਿਦਿਆਰਥੀਆਂ ਨੂੰ ਜੋੜਨ ਲਈ ਕਾਲਜ ਵੱਲੋਂ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਦਿਹਾੜਿਆਂ ਮੌਕੇ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ, ਮੁਕਾਬਲਿਆਂ, ਸੈਮੀਨਾਰਾਂ ਅਤੇ ਵਿਸ਼ੇਸ਼ ਭਾਸ਼ਣਾਂ ਆਦਿ ਗਤੀਵਿਧੀਆਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਗਮਾਂ ’ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਦਿੱਤੀ।ਬੁਲਾਰਿਆਂ ਨੇ ਜੇਤੂਆਂ ਨੂੰ ਵਧਾਈ ਦਿੱਤੀ। ਧਰਮ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਭਾਗੀਦਾਰਾਂ ਅਤੇ ਹੋਰ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਿਭਾਗਾਂ ਦੇ ਅਧਿਆਪਕਾਂ ਤੋਂ ਇਲਾਵਾ ਪ੍ਰੋ. ਰਾਜਬੀਰ ਸਿੰਘ, ਸਿੱਖ ਇਤਿਹਾਸ ਖੋਜ ਕੇਂਦਰ ਦੇ ਇੰਚਾਰਜ਼ ਡਾ. ਹਰਦੇਵ ਸਿੰਘ, ਗੁਰਮਤਿ ਸਟੱਡੀ ਸੈਂਟਰ ਦੇ ਡਾ. ਪਵਨਪ੍ਰੀਤ ਕੌਰ, ਡਾ. ਸ਼ਮਸ਼ੇਰ ਸਿੰਘ ਅਤੇ ਪ੍ਰੀਤਮ ਸਿੰਘ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media