ਗੁਰਦੇਵ ਸਿੰਘ ਦੀ ਪੀੜ੍ਹਤ ਪਤਨੀ ਨੂੰ ਦਿੱਤੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ) – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉਪਰ ਉਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿੱਤ ਦਿਨ ਲੋਕ ਸੇਵਾ
ਦੀਆਂ ਨਵੀਆਂ ਮਿਸਾਲਾਂ ਸਿਰਜ਼ ਰਹੇ ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਵੱਲੋਂ ਹੁਣ ਦੋਹਾ ਕਤਰ ਵਿੱਚ ਫ਼ਸੇ ਤਰਨ ਤਾਰਨ ਜਿਲ੍ਹੇ ਦੇ ਨੌਜਵਾਨ ਨੂੰ ਬਚਾਉਣ ਲਈ 2 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ ਹੈ।
ਡਾ. ਐਸ.ਪੀ ਸਿੰਘ ਉਬਰਾਏ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਟਰੱਸਟ ਦੀ ਤਰਨਤਾਰਨ ਟੀਮ ਰਾਹੀਂ ਪਿੰਡ ਜਵੰਦਾ ਕਲਾਂ ਦੀ ਨਿਰਮਲ ਕੌਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦਾ ਪਤੀ ਗੁਰਦੇਵ ਸਿੰਘ ਪੁੱਤਰ ਜਸਵੰਤ ਸਿੰਘ ਦੋਹਾ ਕਤਰ `ਚ ਮਜ਼ਦੂਰੀ ਲਈ ਗਿਆ ਸੀ। ਉਨ੍ਹਾਂ ਅਨੁਸਾਰ ਜਿਸ ਉਸਾਰੀ ਅਧੀਨ ਬਿਲਡਿੰਗ ਵਿੱਚ ਗੁਰਦੇਵ ਸਿੰਘ ਕੰਮ ਕਰਦਾ ਸੀ ਪਿਛਲੇ ਸਾਲ ਫ਼ਰਵਰੀ ਮਹੀਨੇ `ਚ ਕਿਸੇ ਕਾਰਨ ਉਹ ਬਿਲਡਿੰਗ ਡਿੱਗ ਗਈ ਅਤੇ ਮਲਬੇ ਹੇਠਾਂ ਆਉਣ ਕਾਰਨ ਉਨ੍ਹਾਂ ਨਾਲ ਹੀ ਕੰਮ ਕਰਦੇ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ ਸੀ।ਕੋਰਟ ਦੀ ਸੁਣਵਾਈ ਦੌਰਾਨ ਉਕਤ ਘਟਨਾ ਲਈ ਉਸ ਬਿਲਡਿੰਗ `ਚ ਕੰਮ ਕਰਨ ਵਾਲੇ ਬਾਕੀ ਬਚਦੇ ਤਿੰਨ ਜਾਣੇ ਜਿਨ੍ਹਾਂ `ਚ ਗੁਰਦੇਵ ਸਿੰਘ, ਮੁਹੰਮਦ ਖਲੀਲ ਅਤੇ ਸਿਕੰਦਰ ਆਜ਼ਮ ਸ਼ਾਮਲ ਸਨ, ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਂਦਿਆਂ ਭਾਰਤੀ ਕਰੰਸੀ ਮੁਤਾਬਿਕ ਕਰੀਬ 50 ਲੱਖ ਰੁਪਏ ਬਤੌਰ ਬਲੱਡ ਮਨੀ ਜੁਰਮਾਨਾ ਕਰ ਦਿੱਤਾ ਸੀ।ਜਿਸ ਤਹਿਤ ਗੁਰਦੇਵ ਸਿੰਘ ਦੇ ਹਿੱਸੇ ਲੱਗਭਗ 17 ਲੱਖ ਰੁਪਏ ਆਏ ਸਨ।ਉਨ੍ਹਾਂ ਦੱਸਿਆ ਕਿ ਬੇਸ਼ੱਕ ਕੁੱਝ ਸਮਾਂ ਜੇਲ੍ਹ `ਚ ਰੱਖਣ ਉਪਰੰਤ ਗੁਰਦੇਵ ਸਿੰਘ ਨੂੰ ਅਦਾਲਤ ਵੱਲੋਂ ਰਿਹਾਅ ਤਾਂ ਕਰ ਦਿੱਤਾ ਗਿਆ ਸੀ, ਪ੍ਰੰਤੂ ਉਸ ਦੇ ਭਾਰਤ ਆਉਣ ਅਤੇ ਕੰਮ ਕਰਨ ਦੀ ਮੁਕੰਮਲ ਪਾਬੰਦੀ ਲਾ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਨੂੰ ਹੋਏ ਜੁਰਮਾਨੇ `ਚੋਂ ਵੱਡਾ ਹਿੱਸਾ ਉਸਦੇ ਪਿੰਡ ਵਾਸੀਆਂ ਵੱਲੋਂ ਆਪਸੀ ਸਹਿਯੋਗ ਨਾਲ ਇਕੱਠਾ ਕਰ ਲਿਆ ਗਿਆ ਹੈ, ਜਦਕਿ ਕੁੱਝ ਰਕਮ ਦੋਹਾ ਕਤਰ ਵਾਲੇ ਉਸ ਦੇ ਸਾਥੀਆਂ ਵੱਲੋਂ ਦਿੱਤੇ ਜਾਣੇ ਹਨ ਅਤੇ ਬਾਕੀ ਲੋੜੀਂਦੇ 2 ਲੱਖ ਰੁਪਏ ਅੱਜ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ, ਕੁਲਵਿੰਦਰ ਸਿੰਘ ਪਿੰਕਾ ਤੇ ਮੁਖਰਾਮ ਸਿੰਘ ਦੀ ਮੌਜੂਦਗੀ `ਚ ਗੁਰਦੇਵ ਸਿੰਘ ਦੀ ਪੀੜ੍ਹਤ ਪਤਨੀ ਨਿਰਮਲ ਕੌਰ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਗੁਰਦੇਵ ਸਿੰਘ ਜਲਦੀ ਆਪਣੇ ਪਰਿਵਾਰ ਕੋਲ ਪਹੁੰਚ ਸਕੇ।
ਇਸ ਦੌਰਾਨ ਗੁਰਦੇਵ ਸਿੰਘ ਦੀ ਪਤਨੀ ਨਿਰਮਲ ਕੌਰ ਨੇ ਭਾਵੁਕ ਹੁੰਦਿਆਂ ਇਸ ਵੱਡੇ ਉਪਰਾਲੇ ਲਈ ਡਾ.ਐਸ.ਪੀ.ਸਿੰਘ ਉਬਰਾਏ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਇਸ ਮਦਦ ਸਦਕਾ ਉਨ੍ਹਾਂ ਦਾ ਪਰਿਵਾਰ ਅਤੇ ਉਸਦੀ ਦੀਆਂ ਛੋਟੀਆਂ-ਛੋਟੀਆਂ ਦੋ ਧੀਆਂ ਜਲਦ ਆਪਣੇ ਬਾਪ ਨੂੰ ਮਿਲ ਸਕਣਗੀਆਂ।
Punjab Post Daily Online Newspaper & Print Media