ਅੰਮ੍ਰਿਤਸਰ, 28 ਜੂਨ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ
ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 6 ਜੂਨ ਤੋਂ 5 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀਂ ਹੈ।ਜਿਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋ ਬੈਨਰਜੀ ਪ੍ਰੀਤਪਾਲ ਰੁਪਾਣਾ ਅਤੇ ਗੁਲਜ਼ਾਰ ਕਬੀਰ ਖ਼ਾਨ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਰੰਗਮੰਚ ਕਾਰਜ਼ਾਲਾ ਵਿੱਚ ਪੰਜਾਬ, ਹਰਿਆਣਾ ਦਿੱਲੀ, ਉਤਰਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਇੱਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕਰਵਾਏ ਗਏ ਨਾਟਕ 01 ਤੋਂ 05 ਜੁਲਾਈ ਤੱਕ ‘ਪੰਜ ਰੋਜ਼ਾ ਨਾਟ ਉਤਸਵ’ ਵਿਰਸਾ ਵਿਹਾਰ ਅਤੇ ਪ੍ਰੀਤ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ।
ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਪੰਜ਼ ਰੋਜ਼ਾ ਨਾਟ ਉਤਸਵ ਦੇ ਪਹਿਲੇ ਦਿਨ 01 ਜੁਲਾਈ ਨੂੰ ਸੰਸਾਰ ਪ੍ਰਸਿੱਧ ਨਾਟਕਕਾਰ ਸੋਫ਼ਕਲਿਜ਼ ਦਾ ਲਿਖਿਆ ਅਤੇ ਪਾਰਥਾ ਬਾਂਧੋਪਾਧੇਆਏ ਦਾ ਨਿਰਦੇਸ਼ਤ ਕੀਤਾ ਨਾਟਕ ‘ਈਡੀਪਸ’ ਪੇਸ਼ ਕੀਤਾ ਜਾਵੇਗਾ।ਦੂਜੇ ਦਿਨ 02 ਜੁਲਾਈ ਨੂੰ ਮਰਹੂਮ ਨਾਟਕਕਾਰ ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਕੁਦੇਸਣ’ ਪੇਸ਼ ਕੀਤਾ ਜਾਵੇਗਾ।ਤੀਜੇ ਦਿਨ 03 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਪੇਸ਼ ਕੀਤਾ ਜਾਵੇਗਾ।ਚੌਥੇ ਦਿਨ 04 ਜੁਲਾਈ ਨੂੰ ਭੀਸ਼ਮ ਸਾਹਨੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਮੁਆਵਜ਼ੇ’ ਪੇਸ਼ ਕੀਤਾ ਜਾਵੇਗਾ।ਪੰਜਵੇਂ ਦਿਨ 05 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਪ੍ਰੀਤ ਨਗਰ ਵਿਖੇ ਪੇਸ਼ ਕੀਤਾ ਜਾਵੇਗਾ।ਪਹਿਲੇ ਚਾਰ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਰੋਜ਼ਾਨਾ ਸ਼ਾਮ 6.30 ਵਜੇ ਬਿਨ੍ਹਾਂ ਕਿਸੇ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ ਅਤੇ ਆਖ਼ਰੀ 05 ਜੁਲਾਈ ਨੂੰ ਹੋਣ ਵਾਲਾ ਨਾਟਕ ਪ੍ਰੀਤ ਨਗਰ ਵਿਖੇ ਕੀਤਾ ਜਾਵੇਗਾ।ਸਮੂਹ ਨਾਟ ਤੇ ਕਲਾ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਹਾਰਦਿਕ ਸੱਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media