Friday, July 3, 2026

ਵੀ.ਸੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਖੇਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਪ੍ਰਮੁੱਖ ਖੇਡ ਸੰਸਥਾਵਾਂ ਵਿੱਚ ਹੋਰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਸ਼ਵ-ਪੱਧਰੀ ਖੇਡ ਬੁਨਿਆਦੀ ਢਾਂਚੇ, ਵਿਗਿਆਨਕ ਸਿਖਲਾਈ ਸਹੂਲਤਾਂ ਅਤੇ ਖਿਡਾਰੀਆਂ ਲਈ ਮਜ਼ਬੂਤ ਸਹਾਇਕ ਪ੍ਰਣਾਲੀ ਦੇ ਕਾਰਨ ਯਨੀਵਰਸਿਟੀ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਗਾਤਾਰ ਨਵੀਆਂ ਉਪਲਬਧੀਆਂ ਦਰਜ਼ ਕਰ ਰਹੇ ਹਨ।
ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਯੂਨੀਵਰਸਿਟੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤਣ ਵਾਲੇ ਸ਼ੂਟਰਾਂ ਦੇ ਸਨਮਾਨ ਵਿੱਚ ਹਾਈ-ਟੀ ਦਾ ਆਯੋਜਨ ਕੀਤਾ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਨੇ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਅਨੁਸ਼ਾਸਨ, ਸਮਰਪਣ ਅਤੇ ਅਟੱਲ ਮਿਹਨਤ ਨੇ ਨਾ ਸਿਰਫ਼ ਯੂਨੀਵਰਸਿਟੀ ਸਗੋਂ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ।ਉਨ੍ਹਾਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਆਈਐੱਸਐੱਸਐੱਫ ਵਰਲਡ ਕੱਪ ਵਰਗੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਤਮਗੇ ਜਿੱਤਣ ‘ਤੇ ਖਾਸ ਮਾਣ ਪ੍ਰਗਟਾਇਆ।ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਲਗਾਤਾਰ ਖੇਡਾਂ ਵਿੱਚ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਇੱਕ ਚੰਗੇ ਖੇਡ ਵਾਤਾਵਰਨ ਦੀ ਨਿਸ਼ਾਨੀ ਹੈ।
ਵਾਈਸ ਚਾਂਸਲਰ ਨੇ ਉਹਨਾਂ ਤਿੰਨ ਸ਼ੂਟਰਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਜਿਨ੍ਹਾਂ ਦੀ ਚੋਣ ਅਕਤੂਬਰ 2026 ਵਿੱਚ ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਸ਼ ਲਈ ਭਾਰਤੀ ਟੀਮ ਵਿੱਚ ਹੋਈ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਅਗਾਂਹ ਵੀ ਤਮਗੇ ਜਿੱਤ ਕੇ ਯੂਨੀਵਰਸਿਟੀ ਦੀ ਖੇਡ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਗੇ।
ਡਾ. ਐਚ.ਐਸ ਸੈਣੀ (ਡੀਨ ਅਕਾਦਮਿਕ ਮਾਮਲੇ), ਡਾ. ਕੇ.ਐਸ ਚਾਹਲ (ਰਜਿਸਟਰਾਰ), ਡਾ. ਕੰਵਰ ਮਨਦੀਪ ਸਿੰਘ (ਡਾਇਰੈਕਟਰ ਸਪੋਰਟਸ), ਡਾ. ਬਲਜਿੰਦਰ ਸਿੰਘ ਬੱਲ ਮੁਖੀ ਫਿਜੀਕਲ ਐਜੂਕੇਸ਼ਨ ਵਿਭਾਗ, ਪਰਵੀਨ ਪੁਰੀ (ਡਾਇਰੈਕਟਰ ਲੋਕ ਸੰਪਰਕ) ਅਤੇ ਸ੍ਰੀਮਤੀ ਰਾਜਵਿੰਦਰ ਕੌਰ (ਸ਼ੂਟਿੰਗ ਕੋਚ) ਵੀ ਹਾਜ਼ਰ ਸਨ।ਉਨ੍ਹਾਂ ਨੇ ਵੀ ਖਿਡਾਰੀਆਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਨਮਾਨਿਤ ਕੀਤੇ ਗਏ ਖਿਡਾਰੀਆਂ ਵਿੱਚ ਆਸ਼ੀ ਚੌਕਸੀ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ (ਕਜ਼ਾਕਿਸਤਾਨ) ਵਿੱਚ ਸੋਨੇ ਦੇ ਤਮਗੇ ਜਿੱਤੇ ਅਤੇ ਏਸ਼ੀਅਨ ਗੇਮਜ਼ ਲਈ ਚੁਣੇ ਗਏ। ਮਨੀਸ਼ਾ ਕੀਰ ਨੇ ਟ੍ਰੈਪ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ।ਅਭਿਨਵ ਸ਼ਾ ਨੇ ਏਸ਼ੀਅਨ ਗੇਮਜ਼ ਜਕਾਰਤਾ ਵਿੱਚ ਚਾਂਦੀ ਅਤੇ ਜਰਮਨੀ ਵਰਲਡ ਕੱਪ ਵਿੱਚ ਸੋਨਾ ਜਿੱਤਦਿਆਂ 10 ਮੀਟਰ ਰਾਈਫਲ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ।ਅਦ੍ਰਿਯਾਨ ਕਰਮਾਕਰ ਨੇ ਨਵੀਂ ਦਿੱਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ 50 ਮੀਟਰ ਥ੍ਰੀ ਪੁਜ਼ੀਸ਼ਨ ਵਿੱਚ ਵਿਸ਼ਵ ਰਿਕਾਰਡ ਸਥਾਪਿਤ ਕੀਤਾ।
ਸਿਫ਼ਤ ਕੌਰ ਨੇ ਕਜ਼ਾਕਿਸਤਾਨ ਵਿੱਚ ਸੋਨਾ ਅਤੇ ਨਵੀਂ ਦਿੱਲੀ ਵਿੱਚ ਸੋਨੇ ਤੇ ਚਾਂਦੀ ਤਮਗਾ ਹਾਸਲ ਕੀਤਾ।ਹਰਮੇਹਰ ਲਾਲੀ ਨੇ ਮੋਰੱਕੋ ਆਈ.ਐਸ.ਐਸ.ਐਫ ਵਰਲਡ ਕੱਪ (ਸਕੀਟ) ਵਿੱਚ ਕਾਂਸੀ ਜਿੱਤੀ, ਜਦਕਿ ਅਭੈ ਸਿੰਘ ਸੇਖੋਂ ਨੇ ਕਜ਼ਾਕਿਸਤਾਨ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ।ਰਮਿਤਾ ਜਿੰਦਲ ਨੇ ਓਲੰਪਿਕਸ ਵਿੱਚ ਟਾਪ-5 ਵਿੱਚ ਜਗ੍ਹਾ ਬਣਾਈ।ਹਰਸ਼ ਗੁਪਤਾ ਨੇ ਨਵੀਂ ਦਿੱਲੀ ਅਤੇ ਕਜ਼ਾਕਿਸਤਾਨ ਦੋਹਾਂ ਥਾਵਾਂ ‘ਤੇ ਸੋਨੇ ਦੇ ਤਮਗੇ ਜਿੱਤੇ, ਜਦਕਿ ਪ੍ਰਿਕਸ਼ਿਤ ਬਰਾੜ ਨੇ ਵੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ।ਖਿਡਾਰੀਆਂ ਨੇ ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਿਯੁੱਕਤ ਵੱਖ-ਵੱਖ ਵਿਭਾਗਾਂ ਦੇ ਨਵੇਂ ਮੁਖੀਆਂ ਨੇ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅਕਾਦਮਿਕ ਵਿਭਾਗਾਂ …