ਸ਼ਹਿਰ ਵਿਚੋਂ ਝੁੱਗੀ-ਝੌਂਪੜੀਆਂ ਦੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼
ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਅਤੇ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੇ ਚੇਅਰਮੈਨ ਗੁਰਜੀਤ ਸਿੰਘ
ਔਜਲਾ ਦੀ ਪ੍ਰਧਾਨਗੀ ਹੇਠ ਅੱਜ ਸਥਾਨਿਕ ਬੱਚਤ ਭਵਨ ਵਿਖੇ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ।ਇਸ ਵਿੱਚ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ, ਐਸ.ਡੀ.ਐਮ ਅੰਮ੍ਰਿਤਸਰ-2 ਸ੍ਰੀਮਤੀ ਅਲਕਾ ਕਾਲੀਆ, ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਸਮੇਤ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਅਤੇ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।ਪਿੱਛਲੀ ਮੀਟਿੰਗ ਦੇ ਫੈਸਲਿਆਂ `ਤੇ ਹੋਈ ਕਾਰਵਾਈ ਦਾ ਰੀਵਿਊ ਕਰਦਿਆਂ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ।
ਲੋਕ ਸਭਾ ਮੈਂਬਰ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸ਼ਧਾਲੂ ਅਤੇ ਸੈਲਾਨੀ ਆਉਂਦੇ ਹਨ।ਇਸ ਲਈ ਸ਼ਹਿਰ ਦੀ ਸਫ਼ਾਈ ਵਿਵਸਥਾ ਹੋਰ ਬਿਹਤਰ ਬਣਾਈ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਸ਼ਹਿਰ ਵਿੱਚ ਝੁੱਗੀਆਂ-ਝੌਂਪੜੀਆਂ ਵਾਲਿਆਂ ਵੱਲੋਂ ਕੀਤੇ ਜਾ ਰਹੇ ਨਜ਼ਾਇਜ ਕਬਜ਼ਿਆਂ ਨੂੰ ਹਟਾਇਆ ਜਾਵੇ।ਨਗਰ ਨਿਗਮ ਵੱਲੋਂ ਡੋਰ-ਟੂ-ਡੋਰ ਕੁੜਾ ਇਕੱਠਾ ਕਰਨ ਅਤੇ ਡੰਪ ਸਾਈਟ `ਤੇ ਬਾਇਓ-ਰੈਮੀਡੀਏਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਜਾਣਕਾਰੀ ਵੀ ਮੀਟਿੰਗ ਦੌਰਾਨ ਸਾਂਝੀ ਕੀਤੀ ਗਈ।
ਉਨ੍ਹਾਂ ਸ਼ਹਿਰ ਵਿੱਚ ਮਿਲਾਵਟੀ ਦੁੱਧ, ਪਨੀਰ, ਮਠਿਆਈਆਂ ਅਤੇ ਹੋਰ ਖਾਧ ਪਦਾਰਥਾਂ ਦੀ ਵਿਕਰੀ `ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਅਧਿਕਾਰੀਆਂ ਨੂੰ ਮਿਲਾਵਟਖੋਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਖਾਣ-ਪੀਣ ਦੇ ਪਦਾਰਥਾਂ ਵਿੱਚ ਮਿਲਾਵਟਖੋਰੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲੋਕ ਸਭਾ ਮੈਂਬਰ ਔਜਲਾ ਨੇ ਪੀ.ਡਬਲਿਊ.ਡੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਸਾਰੇ ਮੁੱਖ ਚੌਕਾਂ ਅਤੇ ਸੜਕਾਂ `ਤੇ ਦਿਸ਼ਾ-ਸੂਚਕ ਸਾਈਨ ਬੋਰਡ ਲਗਾਏ।ਜਿਥੇ ਵੀ ਸੜਕਾਂ ਦੀ ਮੁਰੰਮਤ ਜਾਂ ਨਿਰਮਾਣ ਦਾ ਕੰਮ ਚੱਲ ਰਿਹਾ ਹੋਵੇ, ਉਥੇ ਘੱਟੋ-ਘੱਟ 500 ਮੀਟਰ ਪਹਿਲਾਂ ਚੇਤਾਵਨੀ ਬੋਰਡ ਲਗਾਉਣਾ ਲਾਜ਼ਮੀ ਬਣਾਇਆ ਜਾਵੇ।ਤਾਂ ਜੋ ਹਾਦਸਾ ਵਾਪਰਦਾ ਹੈ ਤਾਂ ਸਬੰਧਤ ਅਧਿਕਾਰੀ ਅਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨਿਊ ਅੰਮ੍ਰਿਤਸਰ, ਵੱਲਾ ਬਾਈਪਾਸ ਪੁੱਲ ਸਮੇਤ ਹੋਰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਬਿਨ੍ਹਾਂ ਕਿਸੇ ਦੇਰੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਮੀਟਿੰਗ ਵਿੱਚ ਤੁੰਗ ਢਾਬ ਡਰੇਨ, ਕੂੜਾ ਪ੍ਰਬੰਧਨ, ਨਾਜਾਇਜ਼ ਕਬਜ਼ੇ, ਟ੍ਰੈਫਿਕ ਜਾਮ, ਫਤਿਹਗੜ੍ਹ ਚੂੜੀਆਂ ਰੋਡ, ਮਜੀਠਾ ਰੋਡ, ਲੋਹਾਰਕਾ ਰੋਡ, ਰਿੰਗ ਰੋਡ, ਐਲੀਵੇਟਿਡ ਰੋਡ, ਨੈਸ਼ਨਲ ਹਾਈਵੇ ਪ੍ਰੋਜੈਕਟਾਂ ਅਤੇ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।ਮਾਨਸੂਨ ਦੇ ਮੱਦੇਨਜ਼ਰ ਡਰੇਨਾਂ ਦੀ ਸਫ਼ਾਈ ਯਕੀਨੀ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਰਾਸ਼ਟਰੀ ਖੇਤੀ ਵਿਕਾਸ ਯੋਜਨਾ, ਸਾਇਲ ਹੈਲਥ ਕਾਰਡ, ਨੈਸ਼ਨਲ ਰੂਰਲ ਡ੍ਰਿੰਕਿੰਗ ਵਾਟਰ ਪ੍ਰੋਗਰਾਮ, ਬੇਟੀ ਬਚਾਓ-ਬੇਟੀ ਪੜ੍ਹਾਓ, ਸਰਬ ਸਿੱਖਿਆ ਅਭਿਆਨ, ਮਿਡ-ਡੇ ਮੀਲ ਅਤੇ ਹੋਰ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।
Punjab Post Daily Online Newspaper & Print Media