Saturday, July 11, 2026

ਸ਼੍ਰੋਮਣੀ ਕਮੇਟੀ ਵੱਲੋਂ ਹਲਕਾ ਜੋਗਾ ’ਚ ਗੁਰਮਤਿ ਕੈਂਪ ‘ਚ 3500 ਤੋਂ ਵੱਧ ਬੱਚਿਆਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖੀ ਨਾਲ ਜੋੜਨ ਦੇ ਉਦੇਸ਼ ਤਹਿਤ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਉਪਰਾਲੇ ਨਾਲ ਮਾਨਸਾ ਜ਼ਿਲ੍ਹੇ ਦੇ ਹਲਕਾ ਜੋਗਾ ਅੰਦਰ ਪਿਛਲੇ ਇੱਕ ਮਹੀਨੇ ਤੋਂ ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਕੀਤੇ ਗਏ ਗੁਰਮਤਿ ਸਿਖਲਾਈ ਕੈਂਪਾਂ ਦੀ ਸਮਾਪਤੀ ਅੱਜ ਗੁਰਦੁਆਰਾ ਭਾਈ ਬਹਿਲੋ ਜੀ, ਫਫੜੇ ਭਾਈਕੇ ਵਿਖੇ ਵਿਸ਼ਾਲ ਸਮਾਗਮ ਦੇ ਰੂਪ ਵਿੱਚ ਹੋਈ।ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਬਾਬਾ ਗੁਰਮੀਤ ਸਿੰਘ ਤ੍ਰਿਲੋਕਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਬੱਚਿਆਂ, ਗੁਰਮਤਿ ਅਨੁਸਾਰੀ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਯਤਨਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਹਲਕਾ ਜੋਗਾ ਦੇ 53 ਪਿੰਡਾਂ ਵਿੱਚ 64 ਕੇਂਦਰਾਂ ’ਤੇ ਲਗਾਏ ਗਏ, ਇਨ੍ਹਾਂ ਗੁਰਮਤਿ ਸਿਖਲਾਈ ਕੈਂਪਾਂ ਵਿੱਚ ਕੁੱਲ 3500 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।ਕੈਂਪ ਦੌਰਾਨ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਅਵੱਲ ਰਹੇ 540 ਬੱਚਿਆਂ ਦਾ ਅੱਜ ਗੁਰਮਤਿ ਸਿੱਖਿਆ ਸਬੰਧੀ ਲਿਖਤੀ ਪੇਪਰ ਲਿਆ ਗਿਆ ਅਤੇ ਅਵੱਲ ਆਏ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹਨ, ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਅੰਦਰ ਲਗਾਏ ਜਾਂਦੇ ਗੁਰਮਤਿ ਕੈਂਪਾਂ ਵਿਚ ਬੱਚਿਆਂ ਨੂੰ ਗੁਰਬਾਣੀ ਪਾਠ, ਕੀਰਤਨ, ਸਿੱਖ ਰਹਿਤ-ਮਰਿਆਦਾ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ-ਮੁੱਲਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋਂ ਭਵਿੱਖ ਦੇ ਵਾਰਿਸ ਆਪਣੇ ਇਤਿਹਾਸ ਅਤੇ ਪਰੰਪਰਾਵਾਂ ਦੇ ਜਾਣਕਾਰ ਹੋਣ।ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਗੁਰਮਤਿ ਨਾਲ ਜੋੜੀ ਰੱਖਣ ਲਈ ਸਦਾ ਸੁਚੇਤ ਰਹਿਣ।ਉਨ੍ਹਾਂ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਹਰ ਪਿੰਡ ਤੱਕ ਪਹੁੰਚ ਕਰਕੇ ਸਿੱਖੀ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਵੱਲੋਂ ਕੀਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਅਕਾਲੀ ਦਲ ਦੇ ਹਲਕਾ ਇੰਚਾਰਜ਼ ਪ੍ਰੇਮ ਕੁਮਾਰ ਅਰੋੜਾ ਨੇ ਵੀ ਸੰਬੋਧਨ ਕੀਤਾ।
ਸਮਾਪਤੀ ਸਮਾਗਮ ਮੌਕੇ ਅੱਵਲ ਆਏ ਬੱਚਿਆਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇਦਾਰ ਬਾਬਾ ਟੇਕ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਨਾਮ ਵਜੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ।ਕੈਂਪਾਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਮੈਡਲ, ਸਨਮਾਨ ਪੱਤਰ ਦੇ ਕੇ ਸਨਮਾਨ ਦਿੱਤਾ ਗਿਆ।ਗ੍ਰੰਥੀ ਸਿੰਘਾਂ ਨੂੰ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਗਤਕਾ ਟੀਮਾਂ ਨੇ ਗੱਤਕੇ ਦੇ ਜ਼ੌਹਰ ਵੀ ਵਿਖਾਏ।ਐਡਵੋਕੇਟ ਧਾਮੀ ਅਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੇ ਸੁੰਦਰ ਫੁਹਾਰੇ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ, ਗੁਰਮੇਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਮੀਤ ਮੈਨੇਜਰ ਮਨਦੀਪ ਸਿੰਘ, ਹਰਭਗਵਾਨ ਸਿੰਘ ਮੈਨੇਜਰ, ਰੂਬਲ ਸਿੰਘ ਢਿੱਲੋਂ ਪ੍ਰਧਾਨ ਯੂਥ ਵਿੰਗ, ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਇੰਚਾਰਜ਼ ਭੋਲਾ ਸਿੰਘ, ਪ੍ਰਚਾਰਕ ਭਾਈ ਸਵਿੰਦਰ ਸਿੰਘ, ਬੀਬੀ ਕਰਮਜੀਤ ਕੌਰ ਸਮਾਊ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਵੱਡੀ ਗਿਣਤੀ ‘ਚ ਬੱਚੇ ਮੌਜੂਦ ਸਨ।

 

Check Also

ਨਗਰ ਨਿਗਮ ਵੱਲੋਂ ਹੈਰੀਟੇਜ਼ ਸਟਰੀਟ ਤੋਂ ਗੈਰ-ਕਾਨੂੰਨੀ ਸਟਾਲ ਅਤੇ ਬੈਂਚ ਹਟਾਏ ਗਏ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ …