Friday, April 10, 2026

ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ

ਬਕਾਇਆ ਕੇਸ ਮਾਰਚ ਤੱਕ ਨਿਬੇੜਣ ਦੇ ਆਦੇਸ਼- ਡਿਪਟੀ ਕਮਿਸ਼ਨਰ

ਮਨਜੀਤ ਸਿੰਘ ਬਰਾੜ
ਮਨਜੀਤ ਸਿੰਘ ਬਰਾੜ

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਇਕ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਨ ਲਈ ਆਰੰਭੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਬਕਾਇਆ ਕੇਸਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਅਜਿਹੇ ਸਾਰੇ ਕੇਸ ਮਾਰਚ 2015 ਤੱਕ ਨਿਪਟਾਉਣ ਦੇ ਨਾਲ-ਨਾਲ ਤਕਸੀਮ ਦੇ ਨਵੇਂ ਕੇਸਾਂ ਦੇ ਵੀ ਜਲਦ ਨਿਪਟਾਰੇ ਦੇ ਹੁਕਮ ਸਰਕਲ ਮਾਲ ਅਫ਼ਸਰਾਂ ਨੂੰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀ ਗਈਆਂ ਹਨ ਕਿ ਉਹ ਤਕਸੀਮ ਲਈ ਨਿਰਧਾਰਤ ਪ੍ਰਕ੍ਰਿਆ ਅਪਣਾਉਣ ਤੇ ਜੇਕਰ ਕਿਸੇ ਦਾਅਵੇਦਾਰਾਂ ਵਲੋਂ ਤਕਸੀਮ ਸਬੰਧੀ ਇਤਰਾਜ਼ ਉਠਾਏ ਜਾਂਦੇ ਹਨ ਤਾਂ ਸਹਾਇਕ ਕੁਲੈਕਟਰ-1 ਮੌਕੇ ‘ਤੇ ਜਾ ਕੇ ਇਸ ਨੂੰ ਦੂਰ ਕਰੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸਹਾਇਕ ਕੁਲੈਕਟਰਾਂ ਵਲੋਂ ਹੁਕਮ ਜਾਰੀ ਹੋਣ ਦੇ ਇਕ ਹਫਤੇ ਦੇ ਅੰਦਰ-ਅੰਦਰ ਸਾਰੇ ਨਕਸ਼ੇ ਤਿਆਰ ਕੀਤੇ ਜਾਣ ਤੇ ਸਾਰੇ ਸਬੰਧਿਤ ਕਾਨੂੰਗੋ ਤੇ ਪਟਵਾਰੀਆਂ ਨੂੰ ਅਗਲੀ ਸੁਣਵਾਈ ਦੌਰਾਨ ਹਾਜ਼ਰ ਰਹਿਣਾ ਹੋਵੇਗਾ ਤਾਂ ਜੋ ਨਕਸ਼ਾ ਫਾਈਨਲ ਕਰਨ ਵੇਲੇ ਕਿਸੇ ਵੀ ਇਤਰਾਜ਼ ਨੂੰ ਮੌਕੇ ‘ਤੇ ਹੀ ਦੂਰ ਕੀਤਾ ਜਾ ਸਕੇ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨਾਂ ਦੀ ਆਪਸੀ ਵੰਡ ਕਰਵਾਉਣ ਤਾਂ ਜੋ ਸਾਂਝੇ ਖਾਤਿਆਂ ਕਾਰਨ ਪੈਦਾ ਹੋਣ ਵਾਲੇ ਝਗੜਿਆਂ ਤੋਂ ਬੱਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਸਾਰੇ ਬਕਾਇਆ ਕੇਸਾਂ ਦਾ ਮਹੀਨਾ ਵਾਰ ਮੁਲਾਂਕਣ ਕਰਨਗੇ।ਉਨ੍ਹਾਂ ਕਿਹਾ ਕਿ ਬੇਸ਼ਕ ਤਕਸੀਮ ਦੀ ਪ੍ਰਕ੍ਰਿਆ ਲੰਬੀ ਹੁੰਦੀ ਹੈ ਪਰ ਇਸਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਹਾਇਕ ਕੁਲੈਕਟਰਾਂ-1 ਨੂੰ ਅਜਿਹੇ ਕੇਸਾਂ ਦੀ ਹਫਤਾਵਾਰੀ ਸੁਣਵਾਈ ਕਰਕੇ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply