ਸਿਰਫ 25 ਰੁਪਏ ਦੀ ਮੈਂਬਰਸ਼ਿਪ ਨਾਲ ਲਈ ਜਾ ਸਕਦੀ ਹੈ ਲੱਖਾਂ ਰੁਪਏ ਦੀ ਆਰਥਿਕ ਮਦਦ
ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪੰਜਾਬ ਸਰਕਾਰ ਵੱਲੋਂ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਵਰਗ ਦੀ ਭਲਾਈ ਲਈ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਬੋਰਡ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਲੱਖਾਂ ਉਸਾਰੀ ਕਿਰਤੀਆਂ ਵੱਲੋਂ ਬੋਰਡ ਨਾਲ ਜੁੜ ਕੇ ਕਿਰਤ ਭਲਾਈ ਸਕੀਮਾਂ ਦਾ ਲਾਹਾ ਲਿਆ ਜਾ ਰਿਹਾ ਹੈ। ਇਸ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਜ਼ਿਲ੍ਹਾ ਫਾਜਿਲਕਾ ਦੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਬੋਰਡ ਨਾਲ ਜੁੜ ਕੇ ਵੱਧ ਤੋਂ ਵੱਧ ਕਿਰਤ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਰਾਜ ਕੁਮਾਰ ਗਰਗ ਵੀ ਮੌਜੂਦ ਸਨ।
ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਵਿਚ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਹੁਣ ਤੱਕ 11987 ਰਜਿਸਟਰਡ ਲਾਭਪਾਤਰੀ ਹਨ ਅਤੇ ਬੋਰਡ ਵੱਲੋਂ ਰਜਿਸਟਰਡ ਲਾਭਪਾਤਰੀਆਂ ਨੂੰ ਹੁਣ ਤੱਕ 59,86,600/- ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਪ੍ਰੰਜੀਕ੍ਰਿਤ ਕਿਰਤੀਆਂ ਲਈ ਕੁੱਲ ਰਾਸ਼ੀ 59,86,600/- ਰੁਪਏੇ ਮਨਜੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਲ.ਟੀ.ਸੀ. ਸਕੀਮ ਤਹਿਤ 499 ਕੇਸਾਂ ਲਈ 8 ਲੱਖ 6 ਹਜ਼ਾਰ ਰੁਪਏ, ਵਜੀਫ਼ਾ ਸਕੀਮ ਅਧੀਨ 730 ਕੇਸਾਂ ਲਈ 29 ਲੱਖ 80 ਹਜ਼ਾਰ 600 ਰੁਪਏ, ਸ਼ਗਨ ਸਕੀਮ ਅਧੀਨ 45 ਕੇਸਾਂ ਲਈ 9 ਲੱਖ ਰੁਪਏ ਅਤੇ ਐਕਸ-ਗ੍ਰੇਸ਼ੀਆ ਸਕੀਮ ਅਧੀਨ 13 ਕੇਸਾਂ ਲਈ 13 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਜ਼ਿਲ੍ਹੇ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਜਿੰਨ੍ਹਾਂ ਦੀ ਰਜਿਸਟਰਡ ਹੋਣ ਸਮੇਂ ਉਮਰ 55 ਸਾਲ ਸੀ ਅਤੇ ਹੁਣ ਉਹ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਨ੍ਹਾਂ ਲਾਭਪਾਤਰੀਆਂ ਨੂੰ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਪੈਨਸ਼ਨ ਸਰਟੀਫੀਕੇਟ ਜਾਰੀ ਕੀਤੇ ਜ਼ਾਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਬੋਰਡ ਵੱਲੋਂ ਐਕਸਗ੍ਰੇਸੀਆ ਸਕੀਮ ਤਹਿਤ ਪ੍ਰੰਜੀਕ੍ਰਿਤ ਉਸਾਰੀ ਕਿਰਤੀ ਨੂੰ ਮੌਤ ਅਤੇ ਪੂਰਨ ਅਪੰਗਤਾ ਦੀ ਸੂਰਤ ਵਿੱਚ 2 ਲੱਖ ਰੁਪਏ ਜਾਂ ਅੰਸ਼ਕ ਅਪੰਗਤਾ ਹੋਣ ਦੀ ਸੂਰਤ ਵਿੱਚ ਉਸ ਦੀ ਅਪੰਗਤਾ 65 ਫ਼ੀਸਦੀ ਤੋਂ ਘੱਟ ਹੋਣ ‘ਤੇ ਪ੍ਰਤੀਸ਼ਤਤਾ ਦੇ ਆਧਾਰ ‘ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈੇ। ਰਾਸ਼ਟਰੀ ਸਿਹਤ ਬੀਮਾ ਯੋਜਨਾ ਅਧੀਨ ਪ੍ਰੰਜੀਕ੍ਰਿਤ ਲਾਭਪਾਤਰੀ 30,000 ਰੁਪਏ ਤੱਕ ਇਨਡੋਰ ਇਲਾਜ ਦਾ ਲਾਭ ਪ੍ਰਤੀ ਪਰਿਵਾਰ ਪ੍ਰਤੀ ਸਾਲ ਲੈ ਸਕਦੇ ਹਨ। ਉਨ੍ਹਾਂ ਦੱਸਿਆ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ‘ਤੇ 21000 ਰੁਪਏ ਸ਼ਗਨ ਸਕੀਮ ਵਜੋਂ ਸਹਾਇਤਾ ਕੀਤੀ ਜਾਂਦੀ ਹੈ। ਪ੍ਰੰਜੀਕ੍ਰਿਤ ਕਿਰਤੀਆਂ ਨੂੰ ਹਰ ਦੋ ਸਾਲ ਬਾਅਦ 2000 ਰੂਪਏ ਐਲ.ਟੀ.ਸੀ. ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲਾਭਪਤਾਰੀ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਐਨਕ (ਨਜ਼ਰ ਦੇ ਚਸ਼ਮੇ) ਲਈ 800 ਰੁਪਏ, ਦੰਦਾਂ ਲਈ 5000 ਹਜ਼ਾਰ ਰੁਪਏ ਅਤੇ ਸੁਣਨ ਯੰਤਰ ਲਗਵਾਉਣ ਲਈ 6000 ਹਜ਼ਾਰ ਰੁਪਏ ਅਤੇ ਪ੍ਰਸੂਤਾ ਸਕੀਮ ਅਧੀਨ 5000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਸਕੀਮ ਵੀ ਉਪਲੱਭਦ ਹੈ। ਪੰਜੀਕ੍ਰਿਤ ਕਿਰਤੀਆਂ ਜਾਂ ਉਸਦੇ ਪਰਿਵਾਰ ਦੇ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ-ਸੰਸਕਾਰ ਅਤੇ ਅੰਤਿਮ ਕ੍ਰਿਆ-ਕ੍ਰਮ ਦੇ ਖਰਚੇ ਲਈ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ ਪਹਿਲੀ ਕਲਾਸ ਤੋਂ ਅੱਗੇ ਉੱਚੇਰੀ ਸਿੱਖਿਆ/ਕੋਰਸਾਂ/ਡਿਗਰੀ ਕੋਰਸਾਂ ਲਈ ਉਪਲੱਭਦ ਹੈ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਲਈ ਲੇਬਰ ਸ਼ੈਡ-ਕਮ-ਨਾਈਟ ਸ਼ੈਲਟਰ ਵੀ ਬਣਾਏ ਜਾਂਦੇ ਹਨ।
ਸ.ਬਰਾੜ ਨੇ ਕਿਹਾ ਕਿ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਆਪਣੇ ਹਲਕੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫ਼ਸਰ ਜਾਂ ਕਿਰਤ ਇੰਸਪੈਕਟਰ ਨੂੰ ਸਿਰਫ 25 ਰੁਪਏ ਰਜਿਸ਼ਟ੍ਰੇਸ਼ਨ ਫੀਸ ਨਾਲ ਅਰਜ਼ੀਆਂ ਦੇ ਕੇ ਬੋਰਡ ਦੇ ਮੈਂਬਰ ਬਣ ਸਕਦੇ ਹਨ ਅਤੇ ਇਸ ਬੋਰਡ ਰਾਹੀਂ ਵੱਧ ਤੋਂ ਵੱਧ ਭਲਾਈ ਸਕੀਮਾਂ ਦੇ ਦਾਇਰੇ ‘ਚ ਆ ਸਕਦੇ ਹਨ।ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਮਿਸਤਰੀ, ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਸੀਵਰਮੈਨ, ਮਾਰਬਲ/ਟਾਇਲਾਂ ਲਗਵਾਉਣ ਵਾਲੇ, ਫਰਸ਼ ਰਗੜਾਉਣ ਵਾਲੇ, ਪੇਂਟਰ, ਪੀ.ਓ.ਪੀ. ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਸਫਾਈ ਕਰਮਚਾਰੀ, ਭੱਠਿਆਂ ਤੇ ਪਥੇਰ ਤੇ ਭਰਾਈ ਦਾ ਕੰਮ ਕਰਨ ਵਾਲੇ ਮਜਦੂਰ, ਮਨਰੇਗਾ ਮਜਦੂਰ, ਇਮਾਰਤਾਂ ਤੇ ਹੋਰ ਬਿਲਡਿੰਗਾਂ ਨੂੰ ਢਾਹੁਣ ਵਾਲੇ, ਮੁਰੰਮਤ ਰਖਾਅ ਜਾਂ ਭੰਨ-ਤੋੜ ਦਾ ਕੰਮ ਕਰਨ ਵਾਲੇ ਕਿਰਤੀ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ। ਸ.ਬਰਾੜ ਨੇ ਕਿਹਾ ਕਿ ਜੇਕਰ ਵੱਧ ਤੋਂ ਵੱਧ ਉਸਾਰੀ ਕਿਰਤੀ ਵਰਗ ਇਸ ਬੋਰਡ ਨਾਲ ਜੁੜਦਾ ਹੈ ਤਾਂ ਇਹ ਬੋਰਡ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਵਰਦਾਨ ਸਾਬਿਤ ਹੋ ਸਕਦਾ ਹੈ।
Punjab Post Daily Online Newspaper & Print Media
