ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਇੰਡੀਅਨ ਮੀਟ ਸਾਇੰਸ
ਐਸੋਸੀਏਸ਼ਨ (ਆਈ.ਐਮ.ਐਸ.ਏ), ਹੈਦਰਾਬਾਦ ਅਤੇ ਆਈ.ਸੀ.ਏ.ਆਰ¸ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ (ਆਈ.ਸੀ.ਏ.ਆਰ-ਐਨ.ਐੱਮ.ਆਰ.ਆਈ), ਹੈਦਰਾਬਾਦ ਦੇ ਸਹਿਯੋਗ ਨਾਲ ‘ਵੈਲਥ ਫ਼ਰਾਮ ਲਾਈਵਸਟਾਕ ਵੇਸਟ’ (ਪਸ਼ੂਧਨ ਦੀ ਰਹਿੰਦ-ਖੂੰਹਦ ਤੋਂ ਆਮਦਨ) ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਫ਼ਾਰਮਜ਼ ਐਂਡ ਐਨੀਮਲ ਹਸਬੈਂਡਰੀ) ਰਾਜਬੀਰ ਸਿੰਘ ਵੱਲੋਂ ਕੀਤਾ ਗਿਆ।
ਰਾਜਬੀਰ ਸਿੰਘ ਨੇ ਟਿਕਾਊ ਪਸ਼ੂਧਨ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ‘ਪਾਣੀ, ਹਵਾ ਅਤੇ ਮਿੱਟੀ’ ਨੂੰ ਬਚਾਉਣ ਦਾ ਸਹੀ ਸਮਾਂ ਹੈ, ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ, ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਵਰਤਿਆ ਜਾਣ ਵਾਲਾ ਚਾਰਾ ਵੀ ਕਈ ਥਾਵਾਂ ‘ਤੇ ਮਿਆਰੀ ਨਹੀਂ ਹੈ ਅਤੇ ਕਿਸਾਨਾਂ ਵੱਲੋਂ ਵਿਗਿਆਨਕ ਪ੍ਰਬੰਧਨ ਤਰੀਕੇ ਆਮ ਤੌਰ ‘ਤੇ ਨਹੀਂ ਅਪਨਾਏ ਜਾ ਰਹੇ। ਇਸ ਲਈ ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਰਸਾਇਣ ਮੁਕਤ ਖੇਤੀ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਭਗਤ ਪੂਰਨ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਇਕ ਮਾਡਲ ਪਿੰਡ ਧੀਰੇਕੋਟ, ਨੇੜੇ ਜੰਡਿਆਲਾ, ਅੰਮ੍ਰਿਤਸਰ ਵਿਖੇ ਕਾਰਜਸ਼ੀਲ ਹੈ।ਉਨ੍ਹਾਂ ਵਿਦਿਆਰਥੀਆਂ, ਇੰਟਰਨਾਂ ਅਤੇ ਵਿਗਿਆਨੀਆਂ ਨੂੰ ਇਸ ਮਾਡਲ ਦਾ ਦੌਰਾ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰਿੰ: ਡਾ. ਵਰਮਾ ਨੇ ਕਰਦਿਆਂ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤਕਨੀਕੀ ਸੈਸ਼ਨਾਂ ਦੌਰਾਨ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ ਸਬੰਧਿਤ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਨ੍ਹਾਂ ‘ਚ ਡਾ. ਜੌਨ ਅਬ੍ਰਾਹਮ (ਕੇਰਲਾ), ਡਾ. ਪੀ. ਪੀ. ਦੂਬੇ, ਡਾ. ਨੀਤਿਕਾ ਗੋਇਲ (ਗਡਵਾਸੂ, ਲੁਧਿਆਣਾ), ਡਾ. ਯੋਗੇਸ਼ ਗਡੇਕਰ (ਆਈ.ਸੀ.ਏ.ਆਰ-ਐੱਨ.ਐਮ.ਆਰ.ਆਈ ਹੈਦਰਾਬਾਦ), ਡਾ. ਨੇਹਾ ਪਾਲ (ਪਰਫੈਕਟ ਪੋਲਟਰੀ ਪਲਾਂਟ), ਡਾ. ਨੀਤਾਸ਼ਾ ਸਾਂਬਿਆਲ ਅਤੇ ਡਾ. ਆਨੰਦੂ ਏ. ਕੁਮਾਰ ਸ਼ਾਮਿਲ ਸਨ।
ਉਨ੍ਹਾਂ ਨੇ ਉੱਚ ਮੁੱਲ ਵਾਲੇ ਪਸ਼ੂਧਨ ਉਪ-ਉਤਪਾਦਾਂ, ਮਰੇ ਹੋਏ ਪਸ਼ੂਆਂ ਦੇ ਸੁਰੱਖਿਅਤ ਨਿਪਟਾਰੇ, ਰੈਂਡਰਡ ਫੈਟ ਤੋਂ ਬਾਇਓਡੀਜ਼ਲ ਉਤਪਾਦਨ, ਪਾਲਤੂ ਜਾਨਵਰਾਂ ਲਈ ਖੁਰਾਕ ਉਤਪਾਦਨ ‘ਚ ਤਰੱਕੀ, ਹੈਚਰੀ ਵੇਸਟ ਪ੍ਰਬੰਧਨ, ਡੇਅਰੀ ਵੇਸਟ ਦੀ ਵਰਤੋਂ, ਪਸ਼ੂਧਨ ਦੇ ਤਰਲ ਰਹਿੰਦ-ਖੂੰਹਦ ਨਾਲ ਜੁੜੇ ਕਿੱਤਾਮੁਖੀ ਅਤੇ ਵਾਤਾਵਰਣਕ ਸਿਹਤ ਖਤਰਿਆਂ, ਬੁੱਚੜਖਾਨਿਆਂ ਅਤੇ ਡੇਅਰੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਪੋਲਟਰੀ ਪ੍ਰੋਸੈਸਿੰਗ ਪਲਾਂਟਾਂ ‘ਚ ਵੇਸਟ ਮੈਨੇਜਮੈਂਟ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਕਿਹਾ ਕਿ ਵਰਕਸ਼ਾਪ ਨੇ ਇਹ ਸਪੱਸ਼ਟ ਕੀਤਾ ਹੈ ਕਿ ਪਸ਼ੂਧਨ ਦੀ ਰਹਿੰਦ-ਖੂੰਹਦ ਨੂੰ ਹੁਣ ਵਾਤਾਵਰਣ ਲਈ ਬੋਝ ਸਮਝਣ ਦੀ ਬਜ਼ਾਏ ਇੱਕ ਕੀਮਤੀ ਜੈਵਿਕ ਸਰੋਤ ਵਜੋਂ ਦੇਖਣ ਦੀ ਲੋੜ ਹੈ, ਜਿਸ ਰਾਹੀਂ ਆਮਦਨ ਪੈਦਾ ਕਰਨ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਰਕੂਲਰ ਬਾਇਓ-ਇਕਾਨਮੀ ਨੂੰ ਮਜ਼ਬੂਤ ਕਰਨ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਵਰਕਸ਼ਾਪ ਦੇ ਅੰਤ ‘ਚ ਵਿਦਿਆਰਥੀਆਂ ਨਾਲ ਇੰਟਰਐਕਟਿਵ ਫ਼ੀਡਬੈਕ ਸੈਸ਼ਨ ਕਰਵਾਇਆ ਗਿਆ।ਇਸ ਉਪਰੰਤ ਕਾਲਜ ਦੇ ਐੱਲ.ਪੀ.ਟੀ ਤੋਂ ਸਹਾਇਕ ਪ੍ਰੋਫੈਸਰ ਡਾ. ਦੀਪਕ ਮਹਾਜਨ ਨੇ ਧੰਨਵਾਦ ਪੇਸ਼ ਕੀਤਾ।ਜਦਕਿ ਵਰਕਸ਼ਾਪ ਦੇ ਵਿਸ਼ੇ ਸਬੰਧੀ ਆਯੋਜਨ ਸਕੱਤਰ ਅਤੇ ਕਾਲਜ ਐਲ.ਪੀ.ਟੀ ਵਿਭਾਗ ਦੇ ਮੁਖੀ ਡਾ. ਵੀ.ਵੀ ਕੁਲਕਰਨੀ ਵੱਲੋਂ ਦਿੱਤੀ ਗਈ।ਆਈ.ਐਮ.ਐਸ.ਏ ਦੇ ਪ੍ਰਧਾਨ ਡਾ. ਪੀ.ਕੇ ਮੰਡਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਰਾਜਬੀਰ ਸਿੰਘ ਨੇ ਪ੍ਰਿੰ: ਡਾ. ਵਰਮਾ ਨਾਲ ਮਿਲ ਕੇ ਕੰਪੈਂਡੀਅਮ ਅਤੇ ਕਾਲਜ ਨਿਊਜ਼ਲੈਟਰ ਦੇ ਨਵੇਂ ਅੰਕ ਨੂੰ ਵੀ ਜਾਰੀ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media