Tuesday, September 22, 2026

ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ

ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ
ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ‘ਤੇ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਅੱਜ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਤਿਆਰ ਕੀਤੇ ਗਏ ਕਰੀਬ 8 ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ।ਇਸ ਤੋਂ ਇਲਾਵਾ ਗੁਜਰਪੁਰਾ ਅਤੇ ਬਲੜਵਾਲ ਪਿੰਡਾਂ ਵਿੱਚ ਡਿਸਪੈਂਸਰੀਆਂ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖੇ ਗਏ, ਜਿਨ੍ਹਾਂ ‘ਤੇ ਲਗਭਗ ਹਰੇਕ ਡਿਸਪੈਂਸਰੀ ਤੇ 55 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਨ੍ਹਾਂ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਹਲਕੇ ਲਈ ਕੁੱਲ 36 ਖੇਡ ਸਟੇਡੀਅਮ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 30 ਸਟੇਡੀਅਮ ਮੁਕੰਮਲ ਹੋ ਚੁੱਕੇ ਹਨ।ਬਾਕੀ ਸਟੇਡੀਅਮਾਂ ਦਾ ਕੰਮ ਵੀ ਪੜਾਅਵਾਰ ਮੁਕੰਮਲ ਕੀਤਾ ਜਾ ਰਿਹਾ ਹੈ।ਅੱਜ ਦਾ ਦਿਨ ਹਲਕੇ ਦੇ ਨੌਜਵਾਨਾਂ ਅਤੇ ਖਾਸ ਕਰਕੇ ਪਿੰਡਾਂ ਦੇ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਨ੍ਹਾਂ ਸਟੇਡੀਅਮਾਂ ਰਾਹੀਂ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਆਧੁਨਿਕ ਖੇਡ ਸਹੂਲਤਾਂ ਉਪਲੱਬਧ ਹੋਣਗੀਆਂ।
ਉਨਾਂ ਦੱਸਿਆ ਕਿ ਅੱਜ ਪਿੰਡ ਸੈਂਸਰ ਕਲਾਂ ਵਿਖੇ 38.41 ਲੱਖ, ਪਿੰਡ ਝੰਡੇਰ ਵਿਖੇ 35.12 ਲੱਖ, ਪਿੰਡ ਖਤਰਾਏ ਕਲਾਂ ਵਿਖੇ 25.58 ਲੱਖ, ਪਿੰਡ ਕਾਮਲਪੁਰਾ ਵਿਖੇ 34.87 ਲੱਖ, ਪਿੰਡ ਚਮਿਆਰੀ ਵਿਖੇ 43.43 ਲੱਖ, ਪਿੰਡ ਧਾਰੀਵਾਲ ਕਲੇਰ ਵਿਖੇ 40.14, ਪਿੰਡ ਗੁੱਜਰਪੁਰਾ ਵਿਖੇ 33.83 ਲੱਖ ਰੁਪਏ ਅਤੇ ਪਿੰਡ ਤਲਵੰਡੀ ਨਾਹਰ ਵਿਖੇ 41.44 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਮ ਬਣ ਕੇ ਤਿਆਰ ਹੋਏ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਵਿੱਚ 3100 ਤੋਂ ਵੱਧ ਖੇਡ ਮੈਦਾਨ ਵਿਕਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ।ਪਹਿਲੇ ਪੜਾਅ ਵਿੱਚ 255 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ, ਜਦਕਿ ਅੱਜ 500 ਹੋਰ ਖੇਡ ਮੈਦਾਨ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਅੱਜ ਸਮਰਪਿਤ ਕੀਤੇ ਜਾ ਰਹੇ 500 ਖੇਡ ਮੈਦਾਨਾਂ ਵਿੱਚ ਲੁਧਿਆਣਾ ਦੇ 43, ਮਾਨਸਾ ਦੇ 41, ਸੰਗਰੂਰ ਦੇ 36, ਬਠਿੰਡਾ ਅਤੇ ਪਟਿਆਲਾ ਦੇ 34.34, ਸ੍ਰੀ ਮੁਕਤਸਰ ਸਾਹਿਬ ਦੇ 33 ਅਤੇ ਅੰਮ੍ਰਿਤਸਰ ਦੇ 32 ਖੇਡ ਮੈਦਾਨ ਸ਼ਾਮਲ ਹਨ। ਬਾਕੀ ਰਹਿੰਦੇ ਖੇਡ ਮੈਦਾਨਾਂ ਨੂੰ ਵੀ ਪੜਾਅਵਾਰ ਢੰਗ ਨਾਲ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੀ ਸਫ਼ਲਤਾ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਵਿਕਾਸ ਲਈ ਲਗਭਗ 1500 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …