Tuesday, August 25, 2026

ਖ਼ਾਲਸਾ ਕਾਲਜ ਵਿਖੇ ਸੰਗੀਤ ਥੈਰੇਪੀ ਅਤੇ ਕੈਂਸਰ ਰੇਡੀਏਸ਼ਨ ‘ਤੇ ਲੈਕਚਰ ਕਰਵਾਇਆ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ ਖੂਰਮਣੀਆਂ)¸- ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ‘ਕੈਂਸਰ ਰੇਡੀਏਸ਼ਨ ‘ਤੇ ਭਾਰਤੀ ਰਾਗ ਅਤੇ ਕਲਾਸੀਕਲ ਸਾਜ਼ਾਂ ਦਾ ਵਿਗਿਆਨਕ ਪ੍ਰਭਾਵ’ ਵਿਸ਼ੇ ‘ਤੇ ਇਕ ਐਕਸਟੈਂਸ਼ਨ ਲੈਕਚਰ ਅਤੇ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਐੱਸ. ਜੀ. ਆਰ. ਡੀ. ਵੱਲ੍ਹਾ ਤੋਂ ਪ੍ਰੋਫੈਸਰ ਅਤੇ ਪ੍ਰਸਿੱਧ ਓਨਕੋਲੋਜਿਸਟ ਡਾ. ਨੀਰਜ ਜੈਨ ਇੰਡੀਅਨ ਨੇ ਸ਼ਿਰਕਤ ਕਰਦਿਆਂ ਭਾਰਤੀ ਰਾਗਾਂ ਅਤੇ ਕਲਾਸੀਕਲ ਸੰਗੀਤ ਯੰਤਰਾਂ ਦੇ ਵਿਗਿਆਨਕ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਨੇ ਕੈਂਸਰ ਦੇਖਭਾਲ ਅਤੇ ਰੇਡੀਏਸ਼ਨ ਓਨਕੋਲੋਜੀ ‘ਚ ਉਨ੍ਹਾਂ ਦੀ ਸੰਭਾਵੀ ਸਾਰਥਿਕਤਾ ਸਬੰਧੀ ਚਰਚਾ ਕੀਤੀ।ਇਸ ਦੌਰਾਨ ਕਰਵਾਏ ਗਏ ਭਾਸ਼ਣ ਮੁਕਾਬਲੇ ‘ਚ ਸਿਮਰਨ ਕੌਰ, ਮਿਸ਼ਠੀ, ਰੰਜੀਤਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ, ਧੁਨੀ, ਵਿਗਿਆਨ ਅਤੇ ਓਨਕੋਲੋਜੀ ਵਿਚਕਾਰ ਉੱਭਰ ਰਹੇ ਅੰਤਰ-ਅਨੁਸ਼ਾਸਨੀ ਸਬੰਧਾਂ ਤੋਂ ਜਾਣੂ ਕਰਵਾਉਣਾ ਸੀ।ਉਨ੍ਹਾਂ ਵਿਭਾਗ ਵੱਲੋਂ ਸੰਗੀਤ ਅਤੇ ਮੈਡੀਕਲ ਸਾਇੰਸ ਦੇ ਵਿਸ਼ਿਆਂ ਨੂੰ ਇਕੱਠਾ ਕਰਨ ਵਾਲੇ ਪ੍ਰੋਗਰਾਮ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਡਾ. ਜੈਨ ਜੋ ਕਿ ਕਾਲਜ ਆਫ਼ ਰੇਡੀਏਸ਼ਨ ਓਨਕੋਲੋਜੀ (ਆਈ. ਸੀ. ਆਰ. ਓ) ਦੇ ਵਾਈਸ ਚੇਅਰਮੈਨ ਅਤੇ ਇਸ ਖੇਤਰ ਦੇ ਰਾਸ਼ਟਰੀ ਪੱਧਰ ‘ਤੇ ਮਾਹਿਰ ਵੱਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਭਵਿੱਖ ‘ਚ ਉਨ੍ਹਾਂ ਲਈ ਸਹਾਈ ਸਿੱਧ ਹੋਵੇਗੀ।
ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਇੰਚਾਰਜ ਡਾ. ਸ਼ਿਵਾਨੀ ਨਾਰਦ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਪ੍ਰਿੰ: ਡਾ. ਰੰਧਾਵਾ, ਡਾ. ਜੈਨ, ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਰਜਿਸਟਰਾਰ ਡਾ. ਦਵਿੰਦਰ ਸਿੰਘ, ਵਿਦਿਆਰਥੀ ਭਲਾਈ ਡੀਨ ਡਾ. ਦਲਜੀਤ ਸਿੰਘ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਸੁਰਜੀਤ ਕੌਰ, ਵਿਭਾਗ ਮੁਖੀ ਡਾ. ਅੰਜੂ ਸ਼ਰਮਾ, ਡਾ. ਦੀਪਕ ਸ਼ਰਮਾ (ਫਾਰਮਾਸਿਸਟ), ਪ੍ਰੋ. ਰਾਹੁਲ ਗ੍ਰਿਥ, ਡਾ. ਅਮਨ ਕੌਰ, ਪ੍ਰੋ. ਨੇਹਾ, ਡਾ. ਅਮਨਦੀਪ ਕੌਰ, ਪ੍ਰੋ. ਰਜਤ ਤੇ ਹੋਰ ਫੈਕਲਟੀ ਮੈਂਬਰ ਸਮੇਤ ਵਿਦਿਆਰਥੀ ਹਾਜ਼ਰ ਸਨ।
ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਐਕਸਟੈਂਸ਼ਨ ਲੈਕਚਰ ਤੋਂ ਬਾਅਦ ਵਿਦਿਆਰਥੀਆਂ ਲਈ ਉਕਤ ਵਿਸ਼ੇ ‘ਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਨੇ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਆਪਣੇ ਵਿਚਾਰ ਪੇਸ਼ ਕੀਤੇ, ਅੰਤਰ-ਅਨੁਸ਼ਾਸਨੀ ਵਿਸ਼ੇ ਦੀ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ।
ਪ੍ਰੋਗਰਾਮ ਦੌਰਾਨ ਮੁਕਾਬਲੇ ਦਾ ਨਿਰਣਾ ਪ੍ਰੋ. ਹਰਸ਼ ਸਲਾਰੀਆ ਅਤੇ ਡਾ. ਅਕਾਂਕਸ਼ਾ ਨੌਟਿਆਲ ਵੱਲੋਂ ਕੀਤਾ ਗਿਆ। ਜਿਸ ‘ਚ ਸਿਮਰਨ ਕੌਰ (ਐੱਮ. ਏ. ਸੈਮ-ਤੀਜਾ ਸੰਗੀਤ ਵੋਕਲ), ਮਿਸ਼ਠੀ (ਬੀ. ਏ. ਸੈਮ-ਪਹਿਲਾ), ਰੰਜੀਤਾ (ਐੱਮ. ਏ. ਸੈਮ-ਪਹਿਲਾ ਸੰਗੀਤ ਵੋਕਲ) ਨੇ ਭਾਸ਼ਣ ਮੁਕਾਬਲੇ ‘ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਨੇ ਵਿਦਿਆਰਥੀਆਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਨੂੰ ਸਮਕਾਲੀ ਵਿਗਿਆਨਕ ਅਤੇ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀਕੋਣ ਰਾਹੀਂ ਦੇਖਣ ਲਈ, ਖਾਸ ਕਰਕੇ ਸੰਗੀਤ ਥੈਰੇਪੀ, ਸਿਹਤ ਸੰਭਾਲ ਅਤੇ ਤੰਦਰੁਸਤੀ ਦੇ ਉੱਭਰ ਰਹੇ ਖੇਤਰਾਂ ‘ਚ ਉਤਸ਼ਾਹਿਤ ਕੀਤਾ।ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਨੇਹਾ ਦੁਆਰਾ ਕੀਤਾ ਗਿਆ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …