717 ਬਿਨੈ-ਪੱਤਰਾਂ ਵਿੱਚੋਂ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਡਰਾਅ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਵਾਸਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਡਰਾਅ ਕੱਢੇ ਗਏ। ਇਹ ਡਰਾਅ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੱਲਵੀ ਮਿਸ਼ਰਾ, ਡੀ.ਸੀ.ਪੀ ਜੁਗਰਾਜ ਸਿੰਘ ਅਤੇ ਏ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ ਦੀ ਮੌਜ਼ੂਦਗੀ ਵਿੱਚ ਕੱਢੇ ਗਏ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪਟਾਕੇ ਵੇਚਣ ਲਈ ਕੁੱਲ 717 ਬਿਨੈ-ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 10 ਆਰਜ਼ੀ ਲਾਇਸੈਂਸਾਂ ਲਈ ਡਰਾਅ ਕੱਢੇ ਗਏ ਹਨ।ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਸੀ.ਐਸ.ਆਈ.ਆਰ-ਨੀਤੀ ਤੋਂ ਪ੍ਰਵਾਨਿਤ ਗਰੀਨ ਪਟਾਕੇ ਹੀ ਵੇਚਣ ਦੀ ਆਗਿਆ ਹੋਵੇਗੀ।ਆਰਜ਼ੀ ਲਾਇਸੈਂਸਾਂ ਲਈ ਡਰਾਅ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ਼ 2017 ਵਿੱਚ ਜਾਰੀ ਹਦਾਇਤਾਂ ਅਨੁਸਾਰ ਕੱਢੇ ਗਏ ਹਨ।ਉਨ੍ਹਾਂ ਦੱਸਿਆ ਕਿ ਲੋੜੀਂਦਾ ਲਾਇਸੈਂਸ ਪ੍ਰਾਪਤ ਕਰਨ ਵਾਲੇ ਵਿਅਕਤੀ ਹੀ ਨਿਰਧਰਿਤ ਸਮੇਂ ਦੌਰਾਨ ਪਟਾਕੇ ਵੇਚ ਸਕਣਗੇ।
ਡਿਪਟੀ ਕਮਿਸ਼ਨਰ ਨੇ ਪਟਾਕਾ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਵਿਕਰੀ ਵਾਲੀਆਂ ਥਾਵਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਸਰਕਾਰ ਵੱਲੋਂ ਜਾਰੀ ਨਿਯਮਾਂ ਤੇ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਪਟਾਕਿਆਂ ਦੀ ਵਿਕਰੀ ਵਾਲੀਆਂ ਥਾਵਾਂ ’ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।ਬਿਨਾਂ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਡਰਾਅ ਰਾਹੀਂ ਚੁਣੇ ਗਏ ਪਟਾਕਾ ਵਿਕਰੇਤਾਵਾਂ ਵਿੱਚ ਯੁਵਰਾਜ ਸਿੰਘ, ਅਨੂ ਅਰੋੜਾ, ਪਰਮਜੀਤ ਕੌਰ, ਬੋਬੀ, ਸੋਨੀਆ ਕਪੂਰ, ਬਲਬੀਰ ਸਿੰਘ, ਮਨਮੀਤ, ਰਿਧਿਮਾ ਕੌਰ, ਬਲਵਿੰਦਰ ਸਿੰਘ ਅਤੇ ਹਰਸਿਮਰਨਜੀਤ ਸਿੰਘ ਸ਼ਾਮਲ ਹਨ।
Punjab Post Daily Online Newspaper & Print Media