ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੂਝ-ਬੂਝ
ਨਾਲ ਵਿੱਤੀ ਯੋਜਨਾਬੰਦੀ ਕਰਨ ਅਤੇ ਪੈਸੇ ਦਾ ਜ਼ਿੰਮੇਵਾਰੀ ਨਾਲ ਪ੍ਰਬੰਧਨ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਪਦੇਸ਼ ਤਹਿਤ ‘ਵਿੱਤੀ ਸਾਖਰਤਾ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਸਕੂਲ ਆਫ਼ ਲਾਅ ਦੇ ਡੀਨ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਉਕਤ ਪ੍ਰੋਗਰਾਮ ਤਹਿਤ ਦੋ ਵੱਖ-ਵੱਖ ਲਗਾਤਾਰ ਸੈਸ਼ਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਕ੍ਰਮਵਾਰ ਕਰਵਾਏ ਗਏ।
ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਸੈਸ਼ਨਾਂ ’ਚ ਇਮੈਕੂਲੇਟ ਟਰੇਨਰਜ਼ ਦੇ ਸੰਸਥਾਪਕ, ਵਿੱਤੀ ਉਦਯੋਗ ਦੇ ਸਿਖਲਾਈ ਮਾਹਿਰ ਅਤੇ ਨਿਵੇਸ਼ ਤੇ ਮਾਰਕੀਟਿੰਗ ਦੇ ਵਿਸ਼ੇਸ਼ ਮਾਹਿਰ ਭਰਤ ਬਹਿਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਪਹਿਲੇ ਸੈਸ਼ਨ ’ਚ 65 ਵਿਦਿਆਰਥੀਆਂ ਅਤੇ ਦੂਜੇ ਸੈਸ਼ਨ ’ਚ 30 ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਇਹ ਦੋਵੇਂ ਸੈਸ਼ਨ ਵਿਚਾਰ-ਵਟਾਂਦਰੇ ਅਤੇ ਆਪਸੀ ਸੰਵਾਦ ’ਤੇ ਆਧਾਰਿਤ ਰਹੇ।
ਬਹਿਲ ਨੇ ਵਿੱਤੀ ਯੋਜਨਾਬੰਦੀ ਨਾਲ ਜੁੜੇ ਕਈ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨੇ ਚੱਕਰਵਰਧੀ ਵਿਆਜ ਦੀ ਭੂਮਿਕਾ, ਬੱਚਤ ਦਰਾਂ ਅਤੇ ਮਹਿੰਗਾਈ ਦਰਾਂ ਵਿਚਕਾਰ ਸਬੰਧ, ਨਿਵੇਸ਼ ’ਤੇ ਪ੍ਰਾਪਤ ਹੋਣ ਵਾਲਾ ਮੁਨਾਫ਼ਾ, ਬਜ਼ਟ ਤਿਆਰ ਕਰਨਾ, ਜਾਇਦਾਦਾਂ ਦੀ ਸਹੀ ਵੰਡ, ਬੀਮਾ, ਦੌਲਤ ਦੀ ਸਿਰਜਣਾ, ਟੈਕਸ ਬਚਾਉਣ ਦੇ ਲਾਭ, ਸੇਵਾਮੁਕਤੀ ਦੀ ਯੋਜਨਾਬੰਦੀ ਅਤੇ ਵਿੱਤੀ ਜੋਖਮਾਂ ਤੋਂ ਸੁਰੱਖਿਆ ਵਰਗੇ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।
ਬਹਿਲ ਨੇ ਸਰੋਤਿਆਂ ਨੂੰ ਜੀਵਨ ਦੇ ਸ਼ੁਰੂਆਤੀ ਪੜਾਅ ਤੋਂ ਹੀ ਬੱਚਤ ਅਤੇ ਨਿਵੇਸ਼ ਦੀਆਂ ਸਿਹਤਮੰਦ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸਹੀ ਸਮੇਂ ’ਤੇ ਕੀਤੀ ਗਈ ਵਿੱਤੀ ਯੋਜਨਾਬੰਦੀ ਭਵਿੱਖ ਨੂੰ ਸੁਰੱਖਿਅਤ ਬਣਾਉਣ ਅਤੇ ਵਿੱਤੀ ਟੀਚਿਆਂ ਦੀ ਪ੍ਰਾਪਤੀ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।ਇਸ ਤੋਂ ਇਲਾਵਾ ਬਹਿਲ ਨੇ ਸੋਨਾ, ਰੀਅਲ ਅਸਟੇਟ, ਸਿਸਟਮੈਟਿਕ ਇਨਵੈਸਟਮੈਂਟ ਪਲਾਨ ਰਾਹੀਂ ਮਿਊਚੁਅਲ ਫੰਡਾਂ ’ਚ ਨਿਵੇਸ਼, ਇਕੁਇਟੀ ਸ਼ੇਅਰ, ਬਾਂਡ, ਡਾਕਘਰ ਦੀਆਂ ਬੱਚਤ ਯੋਜਨਾਵਾਂ ਅਤੇ ਇੰਡੈਕਸ ਫੰਡ ਆਦਿ ਨਿਵੇਸ਼ ਦੇ ਵੱਖ-ਵੱਖ ਵਿਕਲਪਾਂ ਸਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ।ਉਨ੍ਹਾਂ ਨੇ ਇਨ੍ਹਾਂ ਨਿਵੇਸ਼ ਵਿਕਲਪਾਂ ਦੀ ਮਹੱਤਤਾ ਨੂੰ ਸਮਝਾਉਂਦਿਆਂ ਵਿੱਤੀ ਫ਼ੈਸਲੇ ਲੈਣ ਸਮੇਂ ਜਾਣਕਾਰੀ, ਵਿਸ਼ਲੇਸ਼ਣ ਅਤੇ ਸਾਵਧਾਨੀ ਨੂੰ ਤਰਜ਼ੀਹ ਦੇਣ ’ਤੇ ਜ਼ੋਰ ਦਿੱਤਾ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਕਤ ਦੋਵੇਂ ਸੈਸ਼ਨਾਂ ਦੀ ਸਮਾਪਤੀ ਇਸ ਸੰਦੇਸ਼ ਨਾਲ ਹੋਈ ਕਿ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਿੱਤੀ ਮਾਮਲਿਆਂ ’ਚ ਵਿਸ਼ਲੇਸ਼ਣਾਤਮਕ ਸੋਚ ਵਿਕਸਿਤ ਕਰਨੀ ਚਾਹੀਦੀ ਹੈ ਅਤੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਸੂਝ-ਬੂਝ ਨਾਲ ਫ਼ੈਸਲੇ ਲੈਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਨੌਜਵਾਨਾਂ ਅਤੇ ਅਧਿਆਪਕਾਂ ਨੂੰ ਵਿੱਤੀ ਤੌਰ ’ਤੇ ਜਾਗਰੂਕ, ਆਤਮ-ਨਿਰਭਰ ਅਤੇ ਭਵਿੱਖ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਉਣ ’ਚ ਸਹਾਇਕ ਸਿੱਧ ਹੁੰਦੇ ਹਨ।
ਇਸ ਮੌਕੇ ਸਕੂਲ ਆਫ਼ ਲਾਅ ਦੇ ਮੁਖੀ ਡਾ. ਗੁਨੀਸ਼ਾ ਸਲੂਜਾ, ਕੋਆਰਡੀਨੇਟਰ ਡਾ. ਸ਼ਿਵਨ ਸਰਪਾਲ, ਪ੍ਰੋ. ਸੁਗਮ, ਪ੍ਰੋ. ਹੇਮਾ, ਪ੍ਰੋ. ਪ੍ਰਤਿਭਾ ਅਤੇ ਪ੍ਰੋ. ਪ੍ਰਵੀਨ ਕੌਰ ਆਦਿ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media