ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ’ਚ
ਨਵਾਂ ਰਿਕਾਰਡ ਬਣਾਉਣ ਦੀ ਪ੍ਰਾਪਤੀ ’ਤੇ ‘ਮੈਂਬਰਜ਼ ਮਿਸ਼ਨਰੀਜ਼ ਖਿਦਮਤਗਾਰਾਂ, ਪੋਲੂਸ਼ਨ ਕੰਟਰੋਲ ਕਮੇਟੀ, ਗੀਤਾ ਸੇਵਾ ਸਮਿਤੀ ਤੇ ਸ੍ਰੀ ਸੁਖਮਨੀ ਸੇਵਾ ਸੋਸਾਇਟੀ’ ਵੱਲੋਂ ਸਾਂਝੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਨਵਾਂ ਰਿਕਾਰਡ ਬਣਾਉਣ ਦੀ ਪ੍ਰਾਪਤੀ ’ਤੇ ‘ਮੈਂਬਰਜ਼ ਮਿਸ਼ਨਰੀਜ਼ ਖਿਦਮਤਗਾਰਾਂ, ਪੋਲੂਸ਼ਨ ਕੰਟਰੋਲ ਕਮੇਟੀ, ਗੀਤਾ ਸੇਵਾ ਸਮਿਤੀ ਤੇ ਸ੍ਰੀ ਸੁਖਮਨੀ ਸੇਵਾ ਸੋਸਾਇਟੀ’ ਵੱਲੋਂ ਸਾਂਝੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।ਸਮਾਰੋਹ ਮੌਕੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ‘ਮਿਸ਼ਨਰੀਜ਼ ਆਫ਼ ਖੁਦਾਈ ਖਿਦਮਤਗਾਰ’ ਸੰਸਥਾ ਤੋਂ ਕਾਰਜਸ਼ੀਲ ਸੇਵਾਮੁਕਤ ਬਿ੍ਰਗੇਡੀਅਰ ਪ੍ਰਕਾਸ਼ ਸਿੰਘ ਭੱਟੀ, ਜੋ ਪੀ.ਐਸ ਭੱਟੀ ਦੇ ਨਾਂ ਨਾਲ ਜਾਣੇ ਜਾਂਦੇ ਹਨ ਦੀ ਮੌਜ਼ੂਦਗੀ ’ਚ ਰਾਸ਼ਟਰੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 1 ਲੱਖ 25 ਹਜ਼ਾਰ (1,25,000 ਪਏ) ਦੀ ਨਕਦ ਰਾਸ਼ੀ ਭੇਟ ਕੀਤੀ।ਇਸ ਸਮਾਗਮ ਦਾ ਉਦੇਸ਼ ਖਿਡਾਰੀ ਦੀ ਸ਼ਾਨਦਾਰ ਪ੍ਰਾਪਤੀ ਦੀ ਕਦਰ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ’ਚ ਅਗਾਂਹ ਵਧਣ ਲਈ ਉਤਸ਼ਾਹਿਤ ਕਰਨਾ ਸੀ।
ਡਾ. ਮਹਿਲ ਸਿੰਘ ਨੇ ਬ੍ਰਿਗੇਡੀਅਰ ਭੱਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਉੱਘੇ ਵਾਤਾਵਰਣ ਪ੍ਰੇਮੀ ਹਨ, ਜਿਨ੍ਹਾਂ ਨੇ ਪੰਜਾਬ ਦੇ ਹਰਿਆਵਲ ਭਰੇ ਵਾਤਾਵਰਣ ਨੂੰ ਸੰਵਾਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਉਹ ‘ਮਿਸ਼ਨਰੀਜ਼ ਆਫ਼ ਖੁਦਾਈ ਖਿਦਮਤਗਾਰ’ ਸੰਸਥਾ ਰਾਹੀਂ ਕਾਰਜਸ਼ੀਲ ਹਨ, ਜਿਨ੍ਹਾਂ ਨੇ ਫ਼ੌਜ ’ਚੋਂ ਸੇਵਾਮੁਕਤੀ ਤੋਂ ਬਾਅਦ ਆਪਣਾ ਜੀਵਨ ਵਾਤਾਵਰਣ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਬਹਾਲੀ ਅਤੇ ਵਾਤਾਵਰਣਕ ਪ੍ਰਣਾਲੀ ਦੀ ਸਿਹਤ ਨੂੰ ਮੁੜ ਸੁਰਜੀਤ ਕਰਨ ਲਈ ਸਮਰਪਿਤ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਉਕਤ ਦੌੜਾਕ ਦੇ ਸਨਮਾਨ ਸਬੰਧੀ ਭੱਟੀ ਦੁਆਰਾ ਉਲੀਕਿਆ ਸਮਾਰੋਹ ਕਾਬਿਲੇ ਤਾਰੀਫ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਸਤੀ ਦਾ ਸਾਧਨ ਹੀ ਨਹੀਂ, ਸਗੋਂ ਇਹ ਮਨੁੱਖ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ ਅਤੇ ਸੰਘਰਸ਼ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।ਕਿਸੇ ਵੀ ਖੇਤਰ ’ਚ ਰਿਕਾਰਡ ਬਣਾਉਣ ਲਈ ਲਗਾਤਾਰ ਮਿਹਨਤ, ਸਮੇਂ ਦੀ ਪਾਬੰਦੀ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਦੀ ਲੋੜ ਹੁੰਦੀ ਹੈ। ਗੁਰਿੰਦਰਵੀਰ ਸਿੰਘ ਨੇ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਇਹ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਵਾਲਾ ਵਿਅਕਤੀ ਮੁਸ਼ਕਿਲਾਂ ਨੂੰ ਪਾਰ ਕਰਕੇ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦਾ ਹੈ ਅਤੇ ਅਜਿਹੇ ਖਿਡਾਰੀਆਂ ਦਾ ਸਨਮਾਨ ਹੋਰਨਾਂ ਨੌਜਵਾਨਾਂ ਨੂੰ ਵੀ ਆਪਣੇ ਸੁਪਨਿਆਂ ਦੀ ਪੂਰਤੀ ਲਈ ਪ੍ਰੇਰਿਤ ਕਰਦਾ ਹੈ।
ਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਤੇ ਡੀਨ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਜ਼ਿੰਦਗੀ ’ਚ ਕਾਮਯਾਬੀ ਹਾਸਲ ਕਰਨ ਲਈ ਹੌਸਲਾ, ਸਬਰ ਅਤੇ ਨਿਰੰਤਰ ਯਤਨ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਖਿਡਾਰੀ ਦੀ ਸਫਲਤਾ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ-ਨਾਲ ਕੋਚਾਂ, ਪਰਿਵਾਰ ਅਤੇ ਸਮਾਜ ਦੇ ਸਹਿਯੋਗ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਕਿਸੇ ਖਿਡਾਰੀ ਨੂੰ ਮਿਲਣ ਵਾਲਾ ਸਨਮਾਨ ਕੇਵਲ ਉਸ ਦੀ ਨਿੱਜੀ ਪ੍ਰਾਪਤੀ ਦੀ ਮਾਨਤਾ ਨਹੀਂ ਹੁੰਦਾ, ਬਲਕਿ ਇਹ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦਾ ਹੈ।ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਗੁਰਿੰਦਰਵੀਰ ਸਿੰਘ ਭਵਿੱਖ ’ਚ ਹੋਰ ਉੱਚੇ ਮੁਕਾਮ ਹਾਸਲ ਕਰਕੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣੇਗਾ।
ਇਸ ਮੌਕੇ ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਜ਼ਿੰਦਗੀ ’ਚ ਕਾਮਯਾਬ ਹੋਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਨਸਾਨ ਕਦੇ ਹਾਰ ਨਾ ਮੰਨੇ।ਉਨ੍ਹਾਂ ਕਿਹਾ ਕਿ ਹਰ ਸਫਲਤਾ ਪਿੱਛੇ ਮਿਹਨਤ, ਸੰਘਰਸ਼ ਅਤੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਉਂਦੇ, ਪਰ ਅਜਿਹੇ ਸਮੇਂ ਨਿਰਾਸ਼ ਹੋਣ ਦੀ ਬਜ਼ਾਏ ਆਪਣੀਆਂ ਕਮੀਆਂ ਨੂੰ ਸੁਧਾਰ ਕੇ ਹੋਰ ਮਿਹਨਤ ਕਰਨੀ ਚਾਹੀਦੀ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।ਕਿਉਂਕਿ ਹਾਰ ਅੰਤ ਨਹੀਂ, ਸਗੋਂ ਸਿੱਖਣ ਅਤੇ ਅੱਗੇ ਵਧਣ ਦਾ ਮੌਕਾ ਹੈ।
ਬ੍ਰਿਗੇਡੀਅਰ ਭੱਟੀ ਨੇ ਕਿਹਾ ਕਿ ਉਕਤ ਸਨਮਾਨ ਸਮਾਰੋਹ ਵੱਖ-ਵੱਖ ਸੰਸਥਾਵਾਂ ਅਤੇ ਸਹਿਯੋਗੀਆਂ ਦੇ ਯਤਨਾਂ ਨਾਲ ਕਰਵਾਇਆ ਗਿਆ।ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਗੁਰਿੰਦਰਵੀਰ ਸਿੰਘ ਤੇ ਹੋਰਨਾਂ ਨਾਮਵਰ ਖਿਡਾਰੀਆਂ ਤੋਂ ਸੇਧ ਲੈਂਦਿਆਂ ਜੀਵਨ ’ਚ ਸਫਲਤਾ ਅਤੇ ਸੁਪਨਿਆਂ ਨੂੰ ਸਾਕਾਰ ਕਰਕੇ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕਹੀ।
ਇਸ ਸਮਾਰੋਹ ਸਬੰਧੀ ਬ੍ਰਿਗੇਡੀਅਰ ਹਰਚਰਨ ਸਿੰਘ ਓਲੰਪੀਅਨ, ਡਾ. ਜੇ.ਐ. ਧਾਲੀਵਾਲ, ਪ੍ਰੋ. ਅਮਰਜੀਤ ਸਿੰਘ ਸਿੱਧੂ, ਆਰ.ਕੇ ਜੋਸ਼ੀ, ਸੁਖਵਿੰਦਰ ਸਿੰਘ, ਰਾਜਾ ਐਚ.ਐਸ ਹੇਮਕੁੰਟ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੇ ਨਾਮ ਜ਼ਿਕਰਯੋਗ ਹਨ।
Punjab Post Daily Online Newspaper & Print Media