Sunday, November 15, 2026

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੱਛਲੇ ਦਿਨੀਂ ਵਿਛੋੜਾ ਦੇ ਗਏ ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਅਜਾਇਬ ਸਿੰਘ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਇਹ ਨਾਟਕ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਡਿਜ਼ਾਇਨ ਤੇ ਨਿਰਦੇਸ਼ਿਤ ਕੀਤਾ ਗਿਆ।
ਨਾਟਕ ‘‘ਤੂੰ ਬੁੱਲੇ ਵਾਂਗੂੰ ਬੋਲ’ ਡਾ. ਸਵਰਾਜਬੀਰ ਦਾ ਲਿਖਿਆ ਨਵਾਂ ਨਾਟਕ ਹੈ।ਇਹ ਨਾਟਕ ਮੌਜ਼ੂਦਾ ਸਮੇਂ ਦੇ ਹਾਲਾਤ ਅਤੇ ਬਾਬਾ ਬੁੱਲੇ ਸ਼ਾਹ ਦੇ ਸਮੇਂ ਨੂੰ ਇਕੋ ਵੇਲੇ ਪੇਸ਼ ਕਰਦਾ ਹੈ, ਜਿਹੜੀਆਂ ਪਬੰਦੀਆਂ ਬਾਬਾ ਬੁੱਲੇ ਸ਼ਾਹ ਦੇ ਸਮੇਂ ਹਾਕਮਾਂ ਤੇ ਕੱਟੜ ਮੌਲਵੀਆਂ ਵੱਲੋਂ ਸਮਾਜਿਕ ਤੌਰ ‘ਤੇ ਲਗਾਈਆਂ ਜਾਂਦੀਆਂ ਸਨ, ਉਹ ਅੱਜ ਦੇ ਸਮੇਂ ਵੀ ਮੌਜ਼ੂਦ ਨੇ। ਇਹ ਵਿਆਪਕ ਤੌਰ ’ਤੇ ਉਸਦੇ ਜੀਵਨ ਦੀਆਂ ਘਟਨਾਵਾਂ ’ਤੇ ਅਧਾਰਿਤ ਹੈ, ਜਿਵੇਂ ਕਿ ਉਸ ਦੀ ਕਵਿਤਾ, ਇਤਿਹਾਸਕ ਰਿਕਾਰਡਾਂ ਅਤੇ ਪ੍ਰਸਿੱਧ ਮਿੱਥਾਂ ਰਾਹੀਂ ਸੰਚਾਰਿਤ ਕੀਤਾ ਗਿਆ ਹੈ ਅਤੇ ਬੁੱਲ੍ਹੇ ਸ਼ਾਹ ਦੇ ਜੀਵਨ ਵਿੱਚ ਨਾਟਕੀ ਕਿੱਸਿਆਂ ਦੀ ਕੋਈ ਕਮੀ ਨਹੀਂ ਹੈ।ਸੱਚਾਈ ਦੀ ਉਸ ਦੀ ਖੋਜ਼, ਉਸਦੇ ਗੁਰੂ ਸ਼ਾਹ ਇਨਾਇਤ ਪ੍ਰਤੀ ਉਸਦੀ ਸ਼ਰਧਾ, ਅਸਹਿਣਸ਼ੀਲ ਮੌਲਵੀਆਂ ਅਤੇ ਭਿਸ਼ਟ ਨਵਾਬਾਂ ਨਾaਲ ਉਸ ਦਾ ਟਕਰਾਅ, ਧਰਮ ਦੇ ਨਾਮ ’ਤੇ ਜੰਗਾਂ ਅਤੇ ਖੂਨ ਵਹਾਉਣ ਦਾ ਉਸ ਦਾ ਵਿਰੋਧ – ਇਹ ਸਭ ਨਾਟਕ ਵਿੱਚ ਸ਼ਕਤੀਸ਼ਾਲੀ ਦ੍ਰਿਸ਼ਾਂ ਵਜੋਂ ਸ਼ਾਮਲ ਕੀਤੇ ਗਏ ਹਨ।ਇਹ ਨਾਟਕ ਬੁੱਲ੍ਹੇ ਸ਼ਾਹ ਦੇ ਸਮੇਂ ਬਾਰੇ ਵੀ ਹੈ ਅਤੇ ਮੌਜ਼ੂਦਾ ਸਮਿਆਂ ਲਈ ਇਸ ਦੀ ਬਹੁਤ ਪ੍ਰਸੰਗਿਕਤਾ ਹੈ।ਇਹ ਪਿਆਰ ਅਤੇ ਸ਼ਾਂਤੀ ਲਈ ਇੱਕ ਮਜ਼ਬੂਤ ਅਪੀਲ ਹੈ, ਅਤੇ ਅਸਹਿਣਸ਼ੀਲਤਾ, ਹਿੰਸਾ ਅਤੇ ਨਫ਼ਰਤ ਦੇ ਵਿਰੁੱਧ ਇੱਕ ਸ਼ਕਤੀਸ਼ਾਲੀ ਨਾਟਕ ਹੈ।‘ਬੁੱਲ੍ਹਾ’ ਸਿਰਫ਼ ਨਾਟਕ ਨਹੀਂ ਹੈ, ਇਹ ਪੰਜਾਬ ਦੇ ਅਮੀਰ ਅਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਵੀ ਹੈ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ ਤੋਂ ਇਲਾਵਾ ਜਸਵੰਤ ਸਿੰਘ, ਡੋਲੀ ਸਡਲ, ਵਿਕਾਸ ਜੋਸ਼ੀ, ਗੁਰਦਿੱਤਪਾਲ ਸਿੰਘ, ਕਬੀਰ, ਅਕਾਸ਼, ਸਤੀਸ਼ ਸ਼ਰਮਾ, ਆਸ਼ੂ ਨਈਅਰ, ਉਦੇ, ਗਗਨ, ਗੁਰਲੀਨ ਕੌਰ, ਪੰਥਪ੍ਰੀਤ, ਰੇਹਮਨ, ਧਰਮਪ੍ਰੀਤ ਧਰਮਾ, ਜਗਜੀਤ ਪੰਨੂ, ਕਵਚ ਮਲਿਕ ਸਮੇਤ ਕਲਾਕਾਰਾਂ ਵੱਲੋਂ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ।ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ।ਢੋਲਕ ਤੇ ਸਾਥ ਦਿੱਤਾ ਮ੍ਰਦੂਲ ਨੇ।
ਨਾਟਕ ਨੂੰ ਦੇਖਣ ਲਈ ਮੁੱਖ ਮਹਿਮਾਨ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਤੋਂ ਇਲਾਵਾ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਡਾ. ਅਰਵਿੰਦਰ ਕੌਰ ਧਾਲੀਵਾਲ, ਪਰਮਜੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਤੇਜਿੰਦਰ ਸਿੰਘ ਰਾਜਾ, ਜਸਵੰਤ ਸਿੰਘ ਜੱਸ, ਪ੍ਰਿੰਸ ਵਡਾਲੀ ਹਰੀਸ਼ ਸਾਬਰੀ ਆਦਿ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …