Monday, November 2, 2026

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ ਕੇ ਖੇਤਰੀ ਅਧਿਐਨ, ਸਰਵੇਖਣ, ਤੱਥਾਂ ਦੀ ਪੜਤਾਲ ਅਤੇ ਦਸਤਾਵੇਜ਼ੀ ਕਹਾਣੀਆਂ ਰਾਹੀਂ ਸਮਾਜ ਨੂੰ ਸਮਝਣਾ ਚਾਹੀਦਾ ਹੈ।ਪੱਤਰਕਾਰੀ ਸਮਾਜ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ, ਲੋਕਾਂ ਦੀ ਆਵਾਜ਼ ਨੂੰ ਮੰਚ ਪ੍ਰਦਾਨ ਕਰਨ ਅਤੇ ਜਨਤਕ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਜ਼ਿੰਮੇਵਾਰੀ ਨਾਲ ਉਜਾਗਰ ਕਰਨ ਦਾ ਮਹੱਤਵਪੂਰਨ ਮਾਧਿਅਮ ਹੈ।ਇਨ੍ਹਾਂ ਸ਼ਬਦਾਂ ਦਾ ਇਜ਼ਹਾਰ ਖ਼ਾਲਸਾ ਯੂਨੀਵਰਸਿਟੀ ਦੇੇ ਪੱਤਰਕਾਰੀ ਵਿਭਾਗ ਵੱਲੋਂ “ਅਕਾਦਮਿਕ ਸਿੱਖਿਆ ਤੋਂ ਵਿਹਾਰਕ ਸਫ਼ਲਤਾ ਵੱਲ”ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਕੀਤਾ।ਉਨ੍ਹਾਂ ਵਿਦਿਆਰਥੀਆਂ ਨਾਲ ਪੱਤਰਕਾਰੀ ਦੇ ਬਦਲਦੇ ਸਰੂਪ, ਸਮਾਜਿਕ ਸਰੋਕਾਰਾਂ, ਵਿਹਾਰਕ ਸਿਖਲਾਈ ਅਤੇ ਮੀਡੀਆ ਦੇ ਖੇਤਰ ’ਚ ਉੱਭਰ ਰਹੀਆਂ ਸੰਭਾਵਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਅੰਮ੍ਰਿਤਸਰ ਦੀ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਪਛਾਣ, ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜੀ ਵਿਰਾਸਤ, ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਅਤੇ ਸਥਾਨਕ ਪੱਧਰ ’ਤੇ ਖੇਤਰੀ ਅਧਿਐਨ ਦੀ ਮਹੱਤਤਾ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ।ਚੋਣਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਰਿਪੋਰਟਿੰਗ, ਸਮਾਜਿਕ ਮੁੱਦਿਆਂ ਦੀ ਪੜਚੋਲ ਅਤੇ ਜਨਤਕ ਜੀਵਨ ਨਾਲ ਸਬੰਧਿਤ ਵਿਸ਼ਿਆਂ ਨੂੰ ਪੱਤਰਕਾਰੀ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ।
ਵਿਭਾਗ ਮੁਖੀ ਡਾ. ਸਾਨੀਆ ਮਰਵਾਹਾ ਨੇ ਕਿਹਾ ਕਿ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਅਹਿਮ ਵਿਸ਼ੇ ਰਹੇ। ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇਬਾਜ਼ੀ ਭਰੇ ਦੌਰ ’ਚ ਵਿਦਿਆਰਥੀਆਂ ’ਤੇ ਪੜ੍ਹਾਈ, ਅੰਕਾਂ ਅਤੇ ਭਵਿੱਖ ਦੀ ਚਿੰਤਾ ਕਾਰਨ ਪੈਣ ਵਾਲੇ ਦਬਾਅ, ਮਾਨਸਿਕ ਤਣਾਅ, ਸਮਾਜਿਕ ਸੰਪਰਕ ਮਾਧਿਅਮਾਂ ਦੇ ਪ੍ਰਭਾਵ ਅਤੇ ਨਿੱਜੀ ਜੀਵਨ ’ਚ ਪੈਦਾ ਹੋਣ ਵਾਲੀਆਂ ਅਨਿਸ਼ਚਿਤਤਾਵਾਂ ਸਬੰਧੀ ਵਿਚਾਰ ਵੀ ਸਾਂਝੇ ਕੀਤੇ ਗਏ।
ਉਨ੍ਹਾਂ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਖੇਤਰ ਨੂੰ ਸਿਰਫ ਰੋਜ਼ਗਾਰ ਦੇ ਸਾਧਨ ਵਜੋਂ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲੇ ਪੇਸ਼ੇ ਵਜੋਂ ਸਮਝਣ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਦਾ ’ਵਰਸਿਟੀ ਇਮਤਿਹਾਨਾਂ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …