
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਜਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਜਿਲ੍ਹੇ ਅੰਦਰ ਸਿਹਤ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਹੈਜੇ ਦੀ ਰੋਕਥਾਮ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਜਿਲ੍ਹੇ ਵਿਚ ਲੋਕਾਂ ਨੂੰ ਹੈਜੇ ਦੀ ਬੀਮਾਰੀ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ । ਜਿਲ੍ਹਾ ਮੈਜਿਸਟਰੇਟ ਸ. ਮਨਜੀਤ ਸਿੰਘ ਬਰਾੜ ਨੇ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈਡ, ਲੱਸੀ, ਸ਼ਰਬਤ, ਗੰਨੇ ਦਾ ਰਸ ਅਤੇ ਖਾਣ ਵਾਲੀਆਂ ਹੋਰ ਵਸਤੂਆਂ ਸ਼ੀਸ਼ੇ ਦੀ ਅਲਮਾਰੀ ਅਤੇ ਢੱਕ ਕੇ ਰੱਖਣ ਦੇ ਆਦੇਸ਼ ਦਿੱਤੇ ਹਨ।ਇਸ ਤੋਂ ਇਲਾਵਾ ਜਿਆਦਾ ਪੱਕੇ, ਘੱਟ ਪੱਕੇ ਅਤੇ ਕੱਟੇ ਹੋਏ ਫਲ ਸਬਜੀਆਂ ਵੇਚਨ ਦੀ ਮਨਾਹੀ ਹੈ।ਜਿਲ੍ਹੇ ਵਿਚ ਬਰਫ਼, ਆਇਸਕ੍ਰੀਮ, ਕੈਂਡੀ, ਸੋਡਾ(ਖਾਰਾ, ਮਿੱਠਾ) ਵੇਚਣ ਦੀ ਉਦੋਂ ਤੱਕ ਮਨਾਹੀ ਹੋਵੇਗੀ ਜਦੋਂ ਤੱਕ ਇਨ੍ਹਾਂ ਵਸਤਾਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਆਲੋਜਿਸਟ ਪੰਜਾਬ ਵੱਲੋਂ ਪਾਸ ਨਾ ਕੀਤਾ ਗਿਆ ਹੋਵੇ।ਜਿਲ੍ਹਾ ਮੈਜਿਸਟਰੇਟ ਨੇ ਆਦੇਸ਼ ਦਿੱਤੇ ਕਿ ਨਗਰ ਕੌਂਸਲ, ਜਨ ਸਿਹਤ ਵਿਭਾਗ ਲੋਕਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰੇਗਾ।ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਵਿਚ ਹੈਜਾ ਹੋਣ ਦੀ ਸੂਰਤ ਵਿਚ ਸਬੰਧਤ ਖੇਤਰ ਦੇ ਲੋਕ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਗੇ ।
ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜਿਲ੍ਹਾ ਸਿਹਤ ਅਫ਼ਸਰ, ਜਿਲ੍ਹਾ ਐਪੀਡੀਮਾਲੋਜਿਸਟ, ਏ.ਐਮ.ਉ., ਏ.ਯੂ.ਓ. ਸਮੂਹ ਨਗਰ ਕੌਂਸਲ ਦੇ ਮੈਡੀਕਲ ਅਫ਼ਸਰ, ਸਮੂਹ ਮੈਡੀਕਲ ਅਫ਼ਸਰ ਇੰਚਾਰਜ ਮੁੱਢਲਾ ਸਿਹਤ ਕੇਂਦਰ/ਸਿਵਲ ਹਸਪਤਾਲ, ਮੈਜਿਸਟਰੇਟ ਪਹਿਲਾ ਦਰਜਾ ਜੋ ਫਾਜ਼ਿਲਕਾ ਜਿਲ੍ਹੇ ਵਿਚ ਕੰਮ ਕਰਦੇ ਹਨ, ਨੂੰ ਆਪਣੇ ਆਪਣੇ ਖੇਤਰ ਵਿੱਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ/ਜਾਣ ਅਤੇ ਮੁਆਇਨਾ/ਚੈਕ ਕਰਨ ਅਤੇ ਖਾਣ ਪੀਣ ਸਬੰਧੀ ਵਸਤਾਂ ਚੈਕ ਕਰਨ ਜਿਹੜੀਆਂ ਮਨੁੱਖਤਾ ਦੀ ਵਰਤੋ ਲਈ ਹਾਨੀਕਾਰਕ ਸਮਝੀਆਂ ਜਾਣ, ਉਹਨਾਂ ਨੂੰ ਬੰਦ ਕਰਨ, ਜ਼ਾਇਆ ਕਰਨ ਵੇਚਣ ਤੋ ਮਨਾਹੀ ਅਤੇ ਸਬੰਧਤ ਮਾਲਕ ਦੇ ਚਲਾਨ ਕਾਰਨ ਤੇ ਅਧਿਕਾਰ ਦਿੱਤੇ ਹਨ ।
Punjab Post Daily Online Newspaper & Print Media