ਜਾਇਦਾਦ ਦੇ ਲਾਲਚ ‘ਚ ਮਾਂ ਦਾ ਕਤਲ ਕਰਵਾਉਣ ਵਾਲੀ ਪੁੱਤਰੀ ਦੋਸ਼ੀ ਸਮੇਤ ਕਾਬੂ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਸਥਾਨਕ ਗੋਲਡਨ ਐਵਨਿਊ ਵਿਖੇ ਗੈਸ ਏਜੰਸੀ ਦੀ 67 ਸਾਲਾ ਮਾਲਕਨ ਰਜਿੰਦਰ ਕੌਰ ਪਤਨੀ ਲੇਟ ਦੀਦਾਰ ਸਿੰਘ ਦਾ ਬੀਤੇ ਦਿਨੀ ਜੋ ਕਤਲ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਕੀਤਾ ਗਿਆ ਸੀ, ਉਸ ਅੰਨ੍ਹੇ ਕਤਲ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕਰਦਿਆਂ ਮ੍ਰਿਤਕਾ ਦੀ ਲੜਕੀ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਧੀਕ ਪੁਲਿਸ ਕਮਿਸ਼ਨਰ ਬਿਕਰਮਪਾਲ ਸਿੰਘ ਭੱਟੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਕਮਿਸ਼ਨਰ ਪੁਲਿਸ, ਸz. ਜਤਿੰਦਰ ਸਿੰਘ ਔਲਖ, ਆਈ.ਪੀ.ਐਸ ਨੇ ਮੁਕੱਦਮੇ ਨੂੰ ਟਰੇਸ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ।ਜਿਸ ‘ਤੇ ਸ੍ਰੀ ਪਰਮਪਾਲ ਸਿੰਘ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-1, ਅੰਮ੍ਰਿਤਸਰ, ਸ੍ਰੀ ਗੌਰਵ ਗਰਗ, ਸਹਾਇਕ ਕਮਿਸ਼ਨਰ ਪੁਲਿਸ, ਪੂਰਬੀ, ਅੰਮ੍ਰਿਤਸਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ‘ਤੇ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਕਰੜੀ ਮਿਹਨਤ ਕਰਦਿਆਂ ਹੋਇਆਂ, ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮ੍ਰਿਤਕਾ ਰਾਜਿੰਦਰ ਕੌਰ ਦੇ ਦੋ ਬੱਚੇ ਇਕ ਲੜਕਾ ਤਜਿੰਦਰ ਸਿੰਘ ਉਰਫ ਲਾਲੀ ਅਤੇ ਇਕ ਲੜਕੀ ਇੰਦਰਰਾਜ ਉਰਫ ਕਿੱਕੀ ਸਨ, ਜੋ ਦੋਵੇ ਹੀ ਕੁਆਰੇ ਹਨ।ਕਤਲ ਹੋਣ ਤੋ ਬਾਅਦ ਇਹ ਮੁਕੱਦਮਾ ਮੁਕੱਦਮਾ ਨੰਬਰ 7 ਮਿਤੀ 21-01-2015 ਜੁਰਮ 302,34 ਭ:ਦ: ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਮ੍ਰਿਤਕਾ ਦੀ 37 ਸਾਲਾ ਕੁਆਰੀ ਲੜਕੀ ਇੰਦਰ ਰਾਜ ਉਰਫ ਕਿੱਕੀ ਵੱਲੋਂ ਹੀ ਦਰਜ ਕਰਵਾਇਆ ਗਿਆ ਸੀ।ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇੰਦਰ ਰਾਜ ਉਰਫ ਕਿੱਕੀ ਦੇ ਨਜ਼ਾਇਜ਼ ਸਬੰਧ ਗਨੇਸ਼ ਸ਼ਰਮਾਂ ਪੁੱਤਰ ਯੋਗਰਾਜ ਸ਼ਰਮਾ ਵਾਸੀ ਗੁੰਦਲੀ ਚੌਗਾਨ ਤਹਿਸੀਲ ਨੂਰਪੁਰ, ਡਾਕਖਾਨਾ ਖੰਨੀ, ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਜੋ ਕਿ ਮ੍ਰਿਤਕਾ ਦੇ ਘਰ ਦੇ ਨਾਲ ਵਾਲੀ ਬਿੰਲਡਿੰਗ ਭੁੱਲਰ ਹਸਪਤਾਲ ਵਿੱਚ ਕੰਮ ਕਰਦਾ ਸੀ ਨਾਲ ਬਣ ਗਏ ਸਨ।
ਉਨਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇੰਦਰ ਰਾਜ ਉਰਫ ਕਿੱਕੀ ਵੱਲੋ ਆਪਣੀ ਮਾਤਾ ਰਜਿੰਦਰ ਕੌਰ ਨੂੰ ਕਤਲ ਕਰਵਾਉਣ ਦਾ ਕਾਰਨ ਇਹ ਸੀ ਕਿ ਉਸਦੀ ਮਾਤਾ ਰਜਿੰਦਰ ਕੌਰ ਨੇ ਆਪਣੀ ਸਾਰੀ ਜਾਇਦਾਦ ਉੁਸ ਦੇ ਭਰਾ ਤਜਿੰਦਰ ਸਿੰਘ ਉਰਫ ਲਾਲੀ ਦੇ ਨਾਮ ਕਰਵਾ ਦਿੱਤੀ ਸੀ ਅਤੇ ਇਸ ਜਾਇਦਾਦ ਵਿੱਚ ਇੰਦਰ ਰਾਜ ਉਰਫ ਕਿੱਕੀ ਨੂੰ ਕੋਈ ਹਿੱਸਾ ਨਹੀ ਦਿੱਤਾ ਗਿਆ ਸੀ।ਜਿਸ ਤੋ ਇੰਦਰ ਰਾਜ ਉਰਫ ਕਿੱਕੀ ਨਾਖੁਸ਼ ਸੀ।ਇਸੇ ਰੰਜਿਸ ਕਾਰਨ ਹੀ ਇੰਦਰ ਰਾਜ ਉਰਫ ਕਿੱਕੀ ਨੇ ਗਨੇਸ਼ ਸ਼ਰਮਾ ਜਿਸ ਨਾਲ ਉਸ ਦੇ ਨਜਾਇਜ਼ ਸਬੰਧੀ ਸਨ, ਨਾਲ ਸਾਰੱਚੀ ਅਤੇ ਗਨੇਸ਼ ਸ਼ਰਮਾ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੀ ਮਾਤਾ ਦਾ ਕਤਲ ਕਰਵਾਉਣ ਲਈ ਰਾਜੀ ਕਰ ਲਿਆ ਅਤੇ ਉਸ ਨੂੰ ਥੋੜੇ-ਥੋੜੇ ਪੈਸੇ ਦੇਂਦੀ ਰਹੀ ਅਤੇ ਕਤਲ ਹੋਣ ਤੋ ਬਾਅਦ ਉਸ ਨੂੰ 5,00,000/-ਰੁਪਏ ਦੇਣਾ ਕੀਤਾ ਸੀ।
ਸ੍ਰੀ ਭੱਟੀ ਹੋਰ ਦੱਸਿਆ ਕਿ 21 ਜਨਵਰੀ ਨੂੰ ਗਿਣੀ ਮਿੱਥੀ ਸਾਜਿਸ਼ ਤਹਿਤ ਇੰਦਰ ਰਾਜ ਕਿੱਕੀ ਨੇ ਆਪਣੇ ਭਰਾ ਤਜਿੰਦਰ ਸਿੰਘ ਉਰਫ ਲਾਲੀ ਨੂੰ ਬਾਹਰ ਹਿਮਾਚਲ ਪ੍ਰਦੇਸ਼ ਭੇਜ ਦਿੱਤਾ ਅਤੇ ਆਪ ਵੀ ਕਿੱਤੇ ਬਾਹਰ ਚਲੀ ਗਈ ਸੀ ਅਤੇ ਰਾਤ ਨੂੰ ਗਨੇਸ਼ ਸ਼ਰਮਾ ਨੇ ਪਲੈਨ ਮੁਤਾਬਿਕ ਉਸ ਦੇ ਘਰ ਵਿੱਚ ਜਾ ਕੇ ਪਹਿਲਾ ਮ੍ਰਿਤਕਾ ਦੇ ਸਿਰ ਦੇ ਪਿੱਛਲੇ ਪਾਸੇ ਰਾਡ ਮਾਰੀ ਤੇ ਫਿਰ ਬਿਜਲੀ ਵਾਲੀ ਤਾਰ ਨੂੰ ਉਸ ਦੇ ਗਲ ਵਿੱਚ ਪਾ ਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਆਪ ਗਨੇਸ਼ ਸ਼ਰਮਾ ਆਪਣੇ ਲਾਗਲੇ ਹਸਪਤਾਲ ਵਿੱਚ ਚਲਾ ਗਿਆ।ਉਸ ਤੋ ਬਾਅਦ ਗਨੇਸ਼ ਸ਼ਰਮਾ ਆਪ ਵੀ ਕਿੱਤੇ ਬਾਹਰ ਚਲਾ ਗਿਆ, ਜਿਸ ‘ਤੇ ਤਫ਼ਤੀਸ਼ ਦੌਰਾਨ ਸ਼ੱਕ ਦੀ ਕੜੀ ਉਸ ਉੱਪਰ ਟਿੱਕੀ ਗਈ।ਉਕਤ ਮੁਕੱਦਮਾ ਦੇ ਦੋਨੋ ਦੋਸ਼ੀ ਇੰਦਰ ਰਾਜ ਉਰਫ ਕਿੱਕੀ ਪੁੱਤਰੀ ਦੀਦਾਰ ਸਿੰਘ ਵਾਸੀ ਗੋਲਡਨ ਐਵੀਨਿਊ, ਅੰਮ੍ਰਿਤਸਰ ਅਤੇ ਗਨੇਸ਼ ਸ਼ਰਮਾਂ ਪੁੱਤਰ ਯੋਗਰਾਜ ਸ਼ਰਮਾਂ ਵਾਸੀ ਗੁੰਦਲੀ ਚੌਗਾਨ ਤਹਿਸੀਲ ਨੂਰਪੁਰ, ਡਾਕਖਾਨਾ ਖੰਨੀ, ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Punjab Post Daily Online Newspaper & Print Media