ਨਵੀਂ ਦਿੱਲੀ, 3 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਰਵਾਈ ਗਈ ਪੰਥਕ ਕਨਵੈਨਸ਼ਨ ਦੌਰਾਨ ਸਿੱਖਾਂ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਨੂੰ ਦਿੱਲੀ ਕਮੇਟੀ ਨੇ ਸਰਨਾ ਦੀ ਹਤਾਸਾ ਤੇ ਨਿਰਾਸ਼ਾ ਦੱਸਿਆ ਹੈ।ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਉਕਤ ਕਨਵੈਨਸ਼ਨ ਨੂੰ ਸਰਨਾ ਧੜੇ ਦੇ ਕਾਰਕੁੰਨਾ ਦੀ ਮੀਟਿੰਗ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਕਨਵੈਨਸ਼ਨ ਤੋਂ ਦਿੱਲੀ ਦੇ ਆਮ ਸਿੱਖਾਂ ਨੇ ਦੂਰੀ ਬਣਾਕੇ ਰੱਖੀ। ਸਾਬਕਾ ਕਾਂਗਰਸ ਸਰਕਾਰ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਨੂੰ ਆਪਣੀ ਸੁਰੱਖਿਆ ਲੈਣ ਵਾਸਤੇ ਸਰਨਾ ਵੱਲੋਂ ਤਰਲੇ ਮਾਰਦੀ ਲਿਖੀ ਗਈ ਚਿੱਠੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸਰਨਾ ਵੱਲੋਂ ਆਪਣੇ ਆਪ ਨੂੰ ਕੱਟੜ ਕਾਂਗਰਸ ਸਮਰਥਕ ਦੱਸਣ ਅਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦਿਕਸ਼ਤ ਦੀਆਂ ਚੰਮ ਦੀਆਂ ਜੁੱਤੀਆਂ ਵਿੱਚ ਪਾਣੀ ਪੀਣ ਦੇ ਸਰਨਾ ਵੱਲੋਂ ਦਿੱਤੇ ਗਏ ਬਿਆਨ ਬਾਰੇ ਵੀ ਉਨ੍ਹਾਂ ਚੇਤਾ ਕਰਾਇਆ।
ਸਰਨਾ ਵੱਲੋਂ ਮੌਕਾ ਪ੍ਰਸਤੀ ‘ਤੇ ਪਹਿਰਾ ਦਿੰਦੇ ਹੋਏ ਵਾਰ-ਵਾਰ ਵਫਾਦਾਰੀਆਂ ਆਪਣੇ ਨਿੱਜੀ ਮੁਫਾਦ ਲਈ ਬਦਲਣ ਦਾ ਵੀ ਉਨ੍ਹਾਂ ਦਾਅਵਾ ਕੀਤਾ।ਕਾਂਗਰਸ ਦੀਆਂ ਸਰਕਾਰਾਂ ਤੋਂ ਨਿਜੀ ਮੁਫਾਦਾਂ ਦੇ ਗੱਫੇ ਲੈਣ ਤੋਂ ਬਾਅਦ ਬਦਲਦੀ ਹਵਾ ਦੇ ਰੁੱਖ ਨਾਲ ਆਮ ਆਦਮੀ ਪਾਰਟੀ ਵੱਲੋਂ ਤੁਰਨ ਦੇ ਸਰਨਾ ਦੇ ਫੈਸਲੇ ਨੂੰ ਉਨ੍ਹਾਂ ਸ਼ਗੂਫੇ ਛੱਡਣ ਦਾ ਸਰਨੇ ਦਾ ਪੁਰਾਣਾ ਤਰੀਕਾ ਦੱਸਿਆ। ਸਰਨਾ ਦੇ ਕਮੇਟੀ ਪ੍ਰਧਾਨ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਬੀਤੇ ਸਮੇਂ ਲਗਭਗ 10 ਹਜ਼ਾਰ ਦੀ ਸੰਗਤ ਦੀ ਪੰਥਕ ਕਨਵੈਨਸ਼ਨ ਤੋਂ ਬਾਅਦ ਦਿੱਲੀ, ਸਹਾਰਨਪੁਰ, ਕਰਨਾਲ ਅਤੇ ਜਮੁਨਾ ਨਗਰ ਤੋਂ ਸੰਗਤਾਂ ਨੂੰ ਲਿਆਕੇ ਤਾਲਕਟੋਰਾ ਸਟੇਡੀਅਮ ਵਿਖੇ ਲਗਭਗ 3000 ਸੰਗਤਾਂ ਦੀ ਕਨਵੈਨਸ਼ਨ ਤੋਂ ਬਾਅਦ ਹੁਣ 634 ਸੀਟਾਂ ਵਾਲੇ ਏਵਾਨੇ ਗਾਲਿਬ ਆਡੋਟੋਰੀਅਮ ਵਿਖੇ ਕਰਵਾਈ ਗਈ ਕਨਵੈਨਸ਼ਨ ਦੇ ਸਥਾਨ ਅਤੇ ਸਮਰੱਥਾ ਨੂੰ ਲੈ ਕੇ ਵੀ ਉਨ੍ਹਾਂ ਨੇ ਸਰਨਾ ਦਲ ਦੀ ਦਿੱਲੀ ਦੇ ਲੋਕਾਂ ਵਿੱਚ ਘੱਟਦੀ ਮੁਕਬੂਲੀਅਤ ਨਾਲ ਜੋੜਿਆ।
ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਵਿਧਾਨ ਸਭਾ ਚੋਣਾਂ ਲੜ ਰਹੇ ਚਾਰੋਂ ਉਮੀਦਵਾਰਾਂ ਦੀ ਰਿਕਾਰਡ ਵੋਟਾਂ ਨਾਲ ਜਿੱਤ ਦਾ ਵੀ ਉਨ੍ਹਾਂ ਦਾਅਵਾ ਕੀਤਾ। ਦਿੱਲੀ ਕਮੇਟੀ ਪ੍ਰਬੰਧਕਾਂ ਦੇ ਖਿਲਾਫ ਬਿਨ੍ਹਾਂ ਸਬੂਤ ਸਰਨਾ ਵੱਲੋਂ ਲਗਾਏ ਦੋਸ਼ਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕਮੇਟੀ ਵੱਲੋਂ ਕਰਨ ਦਾ ਉਨ੍ਹਾਂ ਇਸ਼ਾਰਾ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …