
ਨਵੀਂ ਦਿੱਲੀ, 5 ਫਰਵਰੀ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰੀ ਨਗਰ, ਤਿਲਕ ਨਗਰ ਅਤੇ ਰਾਜੌਰੀ ਗਾਰਡਨ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਿਤ ਕੀਤਾ। ਬਾਦਲ ਨੇ ਜਿਥੇ ਹਰੀ ਨਗਰ ਵਿਖੇ ਉਮੀਦਵਾਰ ਅਵਤਾਰ ਸਿੰਘ ਹਿਤ, ਸਾਬਕਾ ਵਿਧਾਇਕ ਹਰਸ਼ਰਨ ਸਿੰਘ ਬੱਲੀ ਅਤੇ ਨਿਗਮ ਪਾਰਸ਼ਦ ਸ਼ਾਮ ਸ਼ਰਮਾ ਵੱਲੋਂ ਕੀਤੇ ਗਏ ਕਾਰਜਾਂ ਦੇ ਆਧਾਰ ‘ਤੇ ਵੋਟ ਮੰਗੇ, ਉਥੇ ਹੀ ਤਿਲਕ ਨਗਰ ਦੇ ਉਮੀਦਵਾਰ ਰਜੀਵ ਬੱਬਰ ਅਤੇ ਰਾਜੌਰੀ ਗਾਰਡਨ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿੱਚ ਉਨ੍ਹਾਂ ਦੇ ਸਮਾਜਿਕ ਕਾਰਜਾਂ ਅਤੇ ਨੌਜਵਾਨ ਆਗੂਆਂ ਦੇ ਤੌਰ ‘ਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ‘ਤੇ ਲੋਕਾਂ ਨੂੰ ਵੋਟਾਂ ਪਾਕੇ ਕਿਰਨ ਬੇਦੀ ਨੂੰ ਮੁੱਖ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਬੱਲੀ ਨੇ ਬਾਦਲ ਵੱਲੋਂ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੀ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਬੱਲੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਬੱਲੀ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਛੋਟ ਭਰਾ ਦੱਸਦੇ ਹੋਏ ਬੀਤੇ ਸਮੇਂ ਆਪਣੇ ਪਰਿਵਾਰਿਕ ਮੈਂਬਰਾਂ ਵੱਲੋਂ ਅਕਾਲੀ ਦਲ ਦੇ ਮੌਰਚਿਆਂ ਵਿੱਚ ਹਿੱਸਾ ਲੈਣ ਨੂੰ ਵੀ ਯਾਦ ਕੀਤਾ।
ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਜਿੱਤ ਨੂੰ ਲਾਜਵਾਬ ਦੱਸਦੇ ਹੋਏ ਲੋਕ ਸਭਾ ਚੋਣਾਂ ਦੌਰਾਨ 7 ਦੀਆਂ 7 ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੇ ਲੋਕਾਂ ਦੇ ਫੈਸਲੇ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਹਰਾਉਣ ਦੀ ਅਪੀਲ ਕੀਤੀ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਦੀ ਵਿਦੇਸ਼ਾਂ ਵਿੱਚ ਵੱਧ ਰਹੀ ਸ਼ਾਖ ਦਾ ਹਵਾਲਾ ਦਿੰਦੇ ਹੋਏ ਬਾਦਲ ਨੇ ਦਿੱਲੀ ਵਿਖੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਵਾਸਤੇ ਕਿਰਨ ਬੇਦੀ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਵੀ ਕੀਤੀ। ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਭੋਗ ਪੈਣ ਦਾ ਦਾਅਵਾ ਕਰਦੇ ਹੋਏ ਬਾਦਲ ਨੇ ਵਿਅੰਗ ਕੀਤਾ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਦੱਸਿਆ ਜਾਵੇਗਾ ਕਿ ਕੋਈ ਕਾਂਗਰਸ ਪਾਰਟੀ ਭਾਰਤ ਵਿੱਚ ਹੁੰਦੀ ਸੀ। ਅਰਵਿੰਦ ਕੇਜਰੀਵਾਲ ਵੱਲੋਂ 49 ਦਿਨਾਂ ਵਿੱਚ ਹੀ ਕਾਂਗਰਸ ਪਾਰਟੀ ਤੋਂ ਮੋਹ ਭੰਗ ਹੋਣ ਦੀ ਗੱਲ ਕਰਦੇ ਹੋਏ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਕਾਬਲੀਅਤ ਨਾਲ ਲਗਭਗ 24 ਪਾਰਟੀਆਂ ਦੇ ਗਠਬੰਧਨ ਦੇ ਆਧਾਰ ‘ਤੇ ਸਰਕਾਰ ਚਲਾਉਣ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਾਡਾ ਸਿਆਸੀ ਨਹੀਂ ਸਗੋਂ ਆਤਮਿਕ ਗਠਜੋੜ ਹੈ। ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਐਨ.ਡੀ.ਏ. ਦਾ ਹਿੱਸਾ ਹੁੰਦੇ ਹੋਏ ਵਾਜਪਾਈ ਅਤੇ ਮੋਦੀ ਨੂੰ ਬਿਨ੍ਹਾਂ ਸ਼ਰਤ ਹਿਮਾਇਤ ਦੇਣ ਦੇ ਕੀਤੇ ਗਏ ਐਲਾਨਾਂ ਨੂੰ ਵੀ ਇਸ ਮੌਕੇ ਯਾਦ ਕੀਤਾ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਤੋਤਾ ਸਿੰਘ, ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ, ਸ਼ੇਰ ਸਿੰਘ ਘੁਬਾਇਆ, ਸਾਬਕਾ ਮੈਂਬਰ ਪਾਰਲੀਮੈਂਟ ਬਲਵੰਤ ਸਿੰਘ ਰਾਮੂਵਾਲੀਆ, ਤਰਲੋਚਨ ਸਿੰਘ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਪਾਰਲੀਮਨੀ ਸਕੱਤਰ ਵਿਰਸਾ ਸਿੰਘ ਵਲਟੋਹਾ, ਮਹਿੰਦਰ ਕੌਰ ਜੋਸ਼, ਸਾਬਕਾ ਵਿਧਾਇਕ ਹੀਰਾ ਸਿੰਘ ਗਾਬੜੀਆ, ਦਿੱਲੀ ਕਮੇਟੀ ਮੈਂਬਰ ਉਂਕਾਰ ਸਿੰਘ ਥਾਪਰ, ਅਮਰਜੀਤ ਸਿੰਘ ਪੱਪੂ, ਗੁਰਮੀਤ ਸਿੰਘ ਮੀਤਾ, ਇੰਦਰਜੀਤ ਸਿੰਘ ਮੋਂਟੀ, ਸਮਰਦੀਪ ਸਿੰਘ ਸ਼ੰਨੀ, ਗੁਰਬਖਸ਼ ਸਿੰਘ ਮੌਂਟੂ ਸ਼ਾਹ, ਜੀਤ ਸਿੰਘ ਖੋਖਰ, ਜਸਬੀਰ ਸਿੰਘ ਜੱਸੀ ਅਕਾਲੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ, ਜਗਦੀਪ ਸਿੰਘ ਕਾਹਲੋਂ, ਮਨਜੀਤ ਸਿੰਘ ਔਲਖ, ਜਸਪ੍ਰੀਤ ਸਿੰਘ ਵਿੱਕੀ ਮਾਨ, ਭਾਜਪਾ ਆਗੂ ਸਤ ਨਰਾਇਣ ਡੰਗ ਆਦਿ ਮੌਜੂਦ ਸਨ।
Punjab Post Daily Online Newspaper & Print Media