ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਸਪੋਰਟਸ ਸਿਲੈਕਸ਼ਨ ਟਰੈਲ
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਅੱਜ ਇਥੇ ਦੱਸਿਆ ਕਿ ਆਰਮੀ ਬੁਆਏ ਸਪੋਰਟਸ ਕੰਪਨੀ 11 ਗੋਰਖਾ ਰਾਈਫਲ ਰੈਜਿਮੈਂਟਲ ਸੈਂਟਰ ਲਖਨਊ ਵਿਖੇ 24 ਫਰਵਰੀ ਤੋਂ 27 ਫਰਵਰੀ 2015 ਤੱਕ ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਫੁੱਟਬਾਲ, ਬਾਕਸਿੰਗ ਅਤੇ ਸ਼ੂਟਿੰਗ ਸਪੋਰਟਸ ਲਈ ਸਿਲੈਕਸ਼ਨ ਟਰੈਲ ਕੀਤੇ ਜਾਣਗੇ। ਇਸ ਲਈ ਲੜਕੇ / ਸਪੋਰਟਸਮੈਨ ਦੀ ਉਮਰ 11 ਸਾਲ ਤੋਂ 14 ਸਾਲ ਤੱਕ ਰੱਖੀ ਗਈ ਹੈ ਜਦ ਕਿ ਆਊਟ ਸਟੈਂਡਿੰਗ ਸਪੋਰਟਸਮੈਨ ਲਈ ਉਮਰ ਹੱਦ 16 ਸਾਲ ਤੱਕ ਹੈ। 12,13 ਅਤੇ 14 ਸਾਲ ਤੱਕ ਦੀ ਉਮਰ ਲਈ ਲੜਕੇ ਦਾ ਕੱਦ ਕ੍ਰਮਵਾਰ 153, 155 ਅਤੇ 160 ਸੈਂਟੀਮੀਟਰ ਰੱਖਿਆ ਗਿਆ ਹੈ ਅਤੇ ਜਦਕਿ ਭਾਰ ਕ੍ਰਮਵਾਰ 35, 42 ਅਤੇ 47 ਕਿਲੋਗ੍ਰਾਮ ਹੋਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਡਾਕਟਰੀ ਟੈਸਟ ਕੀਤਾ ਜਾਵੇਗਾ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਸਰੀਰ ਉਤੇ ਟੈਟੂ ਖੁਦਵਾਏ ਹਨ, ਉਨ੍ਹਾਂ ਨੂੰ ਵਿਚਾਰਿਆ ਨਹੀਂ ਜਾਵੇਗਾ। ਉਮੀਦਵਾਰ ਆਪਣੇ ਨਾਲ ਜਨਮ ਦਾ ਸਰਟੀਫਿਕੇਟ, ਧਰਮ ਸਬੰਧੀ ਸਬੂਤ, ਰਿਹਾਇਸ਼ ਦਾ ਸਬੂਤ, ਯੋਗਤਾ ਦੇ ਸਰਟੀਫਿਕੇਟ, 8 ਪਾਸਪੋਰਟ ਸਾਈਜ਼ ਫੋਟੋਗ੍ਰਾਫ਼ਜ਼ ਅਤੇ ਸਪੋਰਟਸ ਨਾਲ ਸਬੰਧਤ ਸਰਟੀਫਿਕੇਟ ਨਾਲ ਲੈ ਕੇ ਜ਼ਰੂਰ ਜਾਣ। ਉਨ੍ਹਾਂ ਦੱਸਿਆ ਕਿ ਸਲੈਕਟ ਹੋਣ ਵਾਲੇ ਉਮੀਦਵਾਰਾਂ ਨੂੰ ਮੁਫ਼ਤ ਸਹੂਲਤ ਜਿਵੇਂ ਰਾਸ਼ਨ, ਖਾਣਾ, ਪੜਾਈ, 6ਵੀਂ ਕਲਾਸ ਤੋਂ 10ਵੀਂ ਕਲਾਸ ਤੱਕ ਅੰਗਰੇਜ਼ੀ ਵਿਸ਼ੇ ਦੀਆਂ ਕਿਤਾਬਾਂ ਅਤੇ ਵਰਦੀਆਂ, ਸਾਲ ਵਿੱਚ ਪੂਰੀ ਸਪੋਰਟਸ ਕਿੱਟ ਅਤੇ ਉਮੀਦਵਾਰਾਂ ਦਾ ਬੀਮਾ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 10ਵੀਂ ਕਲਾਸ ਪਾਸ ਕਰਨ ਤੋਂ ਬਾਅਦ ਅਤੇ ਸਾਢੇ 17 ਸਾਲ ਦੀ ਉਮਰ ਹੋਣ ਤੇ ਬੱਚੇ ਨੂੰ ਭਰਤੀ ਦੀ ਪ੍ਰਕ੍ਰਿਆ ਲਈ ਭੇਜਿਆ ਜਾਵੇਗਾ। ਜੇਕਰ ਬੱਚੇ ਦੁਆਰਾ ਤੱਥ ਛੁਪਾਏ ਜਾਂਦੇ ਹਨ / ਗਲਤ ਸੂਚਨਾ ਦਿੰਦਾ ਹੈ / ਟਰੇਨਿੰਗ ਦੌਰਾਨ ਪ੍ਰੋਗਰੈਸ ਨਹੀਂ ਦਿੰਦਾ ਜਾਂ ਅਨੁਸ਼ਾਸ਼ਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੀ ਪਾਤਰਤਾ ਨੂੰ ਰੱਦ ਕੀਤਾ ਜਾਵੇਗਾ ਅਤੇ ਟਰੇਨਿੰਗ ਦੇ ਖਰਚੇ ਦੀ ਰਾਸ਼ੀ ਉਸ ਦੇ ਮਾਤਾ-ਪਿਤਾ ਜਾਂ ਗਾਰਡੀਅਨ ਤੋਂ ਵਸੂਲ ਕਰਕੇ ਸਰਕਾਰੀ ਖ਼ਜਾਨੇ ਵਿੱਚ ਜਮ੍ਰਾਂ ਕੀਤੀ ਜਾਵੇਗੀ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਸਿਲੈਕਟ ਕੀਤੇ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਜਾਂ ਗਾਰਡੀਅਨ 100 ਰੁਪਏ ਦੇ ਸਟੈਂਪ ਪੇਪਰ ਤੇ ਇਸ ਸਬੰਧੀ ਹਲਫੀਆ ਬਿਆਨ ਵੀ ਦੇਣਗੇ। ਲਖਨਾਊ ਵਿਖੇ ਆਉਣ-ਜਾਣ ਦਾ ਕੋਈ ਖਰਚਾ ਨਹੀਂ ਦਿੱਤਾ ਜਾਵੇਗਾ ਅਤੇ ਭਰਤੀ ਪ੍ਰਕ੍ਰਿਆ ਦੌਰਾਨ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਆਪਣਾ ਹੋਵੇਗਾ। ਇਹ ਭਰਤੀ ਟਰੇਨਿੰਗ ਪ੍ਰਕ੍ਰਿਆ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ ਦੇਖ-ਰੇਖ ਹੇਠ ਹੋਵੇਗੀ।