ਹੁਸ਼ਿਆਰਪੁਰ, 13 ਫਰਵਰੀ (ਸਤਵਿੰਦਰ ਸਿੰਘ) – ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਟਾਂਡਾ ਦੇ ਸਬ ਸੈਂਟਰ ਰਾਜਪੁਰ ਵਿਖੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਚੂਨੀ ਲਾਲ ਕਾਜਲ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਵਲ ਸਿੰਘ ਦੀ ਮੌਜੂਦਗੀ ਵਿੱਚ ਆਮ ਲੋਕਾਂ ਦੀ ਜਾਣਕਾਰੀ ਲਈ ਬੱਚੀ ਬਚਾਓ ਮੁਹਿੰਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਹੁਸ਼ਿਆਰਪੁਰ ਅਤੇ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਸਾਂਝੇ ਯਤਨਾਂ ਨਾਲ ਲਗਾਏ ਗਏ ਇਸ ਜਾਗਰੂਕਤਾ ਕੈਂਪ ਦੌਰਾਨ ਵੈਦ ਮੰਡਲ ਹੁਸ਼ਿਆਰਪੁਰ ਦੇ ਮੈਂਬਰ, ਪਿੰਡ ਰਾਜਪੁਰ ਦੇ ਸਰਪੰਚ ਅਤੇ ਪੰਚਾਇਤ ਸੰਮਤੀ ਮੈਂਬਰ, ਸਬ ਸੈਂਟਰ ਦਾ ਪੈਰਾ ਮੈਡੀਕਲ ਸਟਾਫ ਅਤੇ ਸਬ ਸੈਂਟਰ ਦੇ ਅਧੀਨ ਆਉਾਂਦੀਆਂ 0 ਆਸ਼ਾ ਵਰਕਰਾਂ ਅਤੇ ਇਲਾਕਾ ਨਿਵਾਸੀ ਹਾਜਰ ਸਨ।
ਇਸ ਮੌਕੇ ਹਾਜਿਰ ਇੱਕਠ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਚੂਨੀ ਲਾਲ ਕਾਜਲ ਨੇ ਦੱਸਿਆ ਕਿ ਮਿਤੀ 14 ਫਰਵਰੀ ਨੂੰ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਮੈਂਬਰਾਂ ਅਤੇ ਸਬ ਸੈਂਟਰ ਦੀਆਂ 10 ਆਸ਼ਾ ਵਰਕਰਾਂ ਰਾਂਹੀ ਪਿੰਡ ਰਾਜਪੁਰ ਦੇ ਘਰ-ਘਰ ਜਾ ਕੇ ਆਮ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਅਤੇ ਕੰਨਿਆ ਜਨਮ ਪ੍ਰਤੀ ਆਮ ਲੋਕਾਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੌਰਾਨ ਆਮ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਵਿਰੁੱਧ ਬਣੇ ਪੀ.ਐਨ.ਡੀ.ਟੀ.ਐਕਟ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।
ਕੈਂਪ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ.ਕੇਵਲ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਹਰ 10 ਸਾਲ ਬਾਅਦ ਹੁੰਦੀ ਮਰਦਮਸ਼ੁਮਾਰੀ ਦੌਰਾਨ ਲੜਕਾ ਅਤੇ ਲੜਕੀ ਦਾ ਵਿਗੜ ਰਿਹਾ ਲਿੰਗ ਅਨੁਪਾਤ ਸਮਾਜ ਦੀਆਂ ਕਈ ਕੁਰੀਤੀਆਂ ਨੂੰ ਜਨਮ ਦੇ ਰਿਹਾ ਹੈ। ਭਾਵੇਂ ਲੜਕੀਆਂ ਹਰ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਬਣਾ ਰਹੀਆਂ ਹਨ ਪਰ ਪੁੱਤਰ ਜਨਮ ਦੀ ਵਿਸ਼ੇਸ਼ ਚਾਹਤ ਦੀ ਮਾਨਸਿਕਤਾ ਕਾਰਣ ਅੱਜ ਵੀ ਲੜਕੀਆਂ ਨੂੰ ਲੜਕਿਆਂ ਦੇ ਸਮਾਨ ਦਰਜਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਮਾਜ ਦੀ ਇਸੇ ਮਾਨਸਿਕਤਾ ਨੂੰ ਬਦਲਣ ਅਤੇ ਕੰਨਿਆ ਜਨਮ ਨੂੰ ਉਤਸ਼ਾਹਿਤ ਕਰਨ ਲਈ ਲਈ ਸਿਹਤ ਵਿਭਾਗ ਵੱਲੋਂ ਬੱਚੀ ਬਚਾਓ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਜਾਗਰੂਕਤਾ ਕੈਂਪ ਵਿੱਚ ਜਿਲ੍ਹਾ ਵੈਦ ਮੰਡਲ ਦੇ ਪ੍ਰਧਾਨ ਵਿਨੋਦ ਕੁਮਾਰ, ਅਮਰਜੀਤ ਹਮਰੋਲ ਤੋਂ ਇਲਾਵਾ ਪਿੰਡ ਦੇ ਸਰਪੰਚ ਅਤੇ ਪੰਚਾਂ ਨੇ ਵੀ ਕੰਨਿਆ ਭਰੂਣ ਹੱਤਿਆ ਦੀ ਰੋਕਥਾਮ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪਿੰਡ ਦੀਆਂ ਮੁਹਤਬਰ ਸ਼ਖਸੀਅਤਾਂ ਅਤੇ ਹਾਜਿਰ ਇੱਕਠ ਵੱਲੋਂ ਸਿਹਤ ਵਿਭਾਗ ਦੇ ਇਸ ਉਪਰਾਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।