ਗਾਂਧੀ ਚੌਂਕ ਵਿਚ ਸੰਦੀਪ ਨਾਰੰਗ ਨੂੰ ਗੋਲੀ ਮਾਰਨ ਦੀ ਘਟਨਾ ਦੀ ਸੰਸਥਾਵਾਂ ਨੇ ਕੀਤੀ ਨਿਖੇਧੀ
ਗੁੰਡਾਗਰਦੀ ਤੇ ਨਕੇਲ ਕੱਸਣ ਲਈ ਸਮਾਜਿਕ ਸੰਸਥਾਵਾਂ ਨੇ ਦਿਤਾ ਐਸ.ਐਸ.ਪੀ ਨੂੰ ਮੰਗ ਪੱਤਰ

ਫਾਜ਼ਿਲਕਾ, 16 ਫਰਵਰੀ (ਵਿਨੀਤ ਅਰੋੜਾ) – ਸ਼ਹਿਰ ਵਿਚ ਵੱਧ ਰਹੀ ਗੁੰਡਾਗਰਦੀ ਤੇ ਨਕੇਲ ਕੱਸਣ ਲਈ ਅੱਜ ਸ਼ਹਿਰ ਦੀਆਂ ਕਰੀਬ ਅੱਧਾ ਦਰਜ਼ਨ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਅਗਵਾਈ ਵਿਚ ਐਸਐਸਪੀ ਫਾਜ਼ਿਲਕਾ ਦੇ ਨਾਮ ਇਕ ਮੰਗ ਪੱਤਰ ਐਸਪੀ ਡੀ ਗੁਰਮੀਤ ਸਿੰਘ ਨੂੰ ਸੌਂਪਿਆਂ। ਜਿਸ ਵਿਚ ਸਮਾਜਿਕ ਸੰਸਥਾਵਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਜਾਣਕਾਰੀ ਦਿੰਦਿਆਂ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ ਅਤੇ ਮਾਰਸ਼ਲ ਜਿੰਮ ਐਂਡ ਅਕੈਡਮੀ ਦੇ ਸੰਚਾਲਕ ਐਡਵੋਕੇਟ ਸੰਜੀਵ ਮਾਰਸ਼ਲ ਨੇ ਦੱਸਿਆ ਕਿ ਸ਼ਹਿਰ ਵਿਚ ਗੁੰਡਾਗਰਦੀ ਦਾ ਪ੍ਰਕੋਪ ਇੰਨ੍ਹਾਂ ਵੱਧ ਗਿਆ ਹੈ ਕਿ ਸ਼ਰੇਆਮ ਕਿਸੇ ਆਮ ਵਿਅਕਤੀ ਕੋਲੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਗੋਲੀ ਮਾਰੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਸ਼ਾਮ ਨੂੰ ਗਾਂਧੀ ਚੌਂਕ ਵਿਚ ਹੋਈ ਘਟਨਾਂ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲੀ ਹੋਈ ਹੈ ਤੇ ਲੋਕਾਂ ਵਿਚ ਪੂਰੀ ਤਰਾਂ ਨਾਲ ਰੋਸ ਪਾਇਆ ਜਾ ਰਿਹਾ ਹੈ। ਹੋਰ ਸਮਾਜਿਕ ਸੰਸਥਾਵਾਂ ਜਿਨ੍ਹਾਂ ਵਿਚ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ, ਨਾਰਦਰਨ ਰੇਲਵੇ ਪੈਸੰਜ਼ਰ ਸਮਿਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਤੇ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੇ ਪ੍ਰਧਾਨ ਰਾਜਪਾਲ ਗੁੰਬਰ ਨੇ ਦੱਸਿਆ ਕਿ ਸ਼ਹਿਰ ਵਿਚ ਲੁਟੇਰਿਆਂ ਦਾ ਆਤੰਕ ਬਹੁਤ ਵੱਧ ਗਿਆ ਹੈ, ਰੋਜ਼ਾਨਾਂ ਹੀ ਕੋਈ ਨਾ ਕੋਈ ਘਟਨਾਂ ਸੁਨਣ ਨੂੰ ਮਿਲਦੀ ਹੈ। ਬੀਤੇ ਦਿਨੀ ਵੀ ਲੁਟੇਰਿਆਂ ਵੱਲੋਂ ਸ਼ਹਿਰ ਦੇ ਲਾਗੇ ਇਕ ਪੈਟਰੋਲ ਪੰਪ ਲੁਟਿਆ ਗਿਆ ਤੇ ਲੁਟੇਰੇ ਜਾਂਦੇ ਹੋਏ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਾਲਾ ਡੀਵੀਆਰ ਵੀ ਪੁੱਟ ਕੇ ਲੈ ਗਏ। ਇਹ ਹੀ ਨਹੀਂ ਅਬੋਹਰ ਰੋਡ ਤੇ ਪੁੱਲ ਦੇ ਲਾਗੇ ਦੁਕਾਨਾਂ ਤੋਂ ਕਾਫੀ ਵਾਰ ਚੋਰੀਆਂ ਹੋ ਚੁੱਕੀਆਂ ਹਨ। ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲ੍ਹਾ ਪ੍ਰਧਾਨ ਲੀਲਾਧਰ ਸ਼ਰਮਾ, ਏਸੀਸੀਸੀਸੀ ਦੇ ਸੂਬਾ ਸਲਾਹਕਾਰ ਵਿਜੇ ਕੁਮਾਰ ਮੋਗਾਂ ਤੇ ਜਿਲ੍ਹਾ ਪ੍ਰਧਾਨ ਰਾਜਨ ਲੂਨਾ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸ਼ਨ ਨੂੰ ਪੂਰੀ ਮੁਸਤੈਦੀ ਨਾਲ ਹੋ ਰਹੇ ਅਪਰਾਧਾਂ ਤੇ ਠੱਲ੍ਹ ਪਾਉਣੀ ਚਾਹੀਦੀ ਹੈ। ਲੋਕ ਬਿਲਕੁੱਲ ਵੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਘਟਨਾਵਾਂ ਕਰਨ ਵਾਲਿਆਂ ਦਾ ਵੀ ਹੌਂਸਲਾਂ ਇੰਨਾਂ ਵੱਧ ਗਿਆ ਹੈ ਕਿ ਬੀਤੇ ਦਿਨੀਂ ਚੋਰਾਂ ਵੱਲੋਂ ਇਕ ਸੁਨਾਰ ਦੀ ਦੁਕਾਨ ਤੇ ਚੋਰੀ ਕੀਤੀ ਗਈ ਤੇ ਚੋਰ ਜਾਂਦੇ ਹੋਏ ਪੂਰੀ ਦੁਕਾਨ ਨੂੰ ਅੱਗ ਲਗਾ ਗਏ।ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪੁਲਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਹੋ ਰਹੀਆਂ ਘਟਨਾਵਾਂ ਤੇ ਠੱਲ੍ਹ ਪਾਈ ਜਾਵੇ।
ਇਸ ਮੌਕੇ ਜੀਟੀਯੂ ਆਗੂ ਨਿਸ਼ਾਂਤ ਅਗਰਵਾਲ, ਰਾਮ ਕ੍ਰਿਸ਼ਨ ਧੁਨਕੀਆਂ, ਮੀਤ ਪ੍ਰਧਾਨ ਪੰਜਾਬ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ, ਰੁਪੇਸ਼ ਸ਼ਰਮਾ, ਬਾਬੂ ਰਾਮ ਅਰੋੜਾ, ਸੁਖਵਿੰਦਰ ਸਿੰਘ ਛਿੰਦਾ, ਨਰੇਸ਼ ਕਾਮਰਾ, ਜੱਜਬੀਰ ਸਿੰਘ, ਜਗਜੀਤ ਸਿੰਘ ਜੱਗੀ, ਵਿਨੋਦ ਕੁਮਾਰ, ਕਮਲ ਸੰਧੂ, ਅਸ਼ਵਨੀ ਕਾਲੜਾ, ਸੁਨੀਲ ਸੈਨ ਆਦਿ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਆਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media