
ਅੰਮ੍ਰਿਤਸਰ, 21 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ।ਹੁਕਮਨਾਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।ਉਪਰੰਤ ਸਜੇ ਦੀਵਾਨ ਵਿੱਚ ਢਾਡੀ ਜਥਿਆ ਨੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ-ਇਤਿਹਾਸ ਨਾਲ ਜੋੜਿਆ।
ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਧਰਮ ਵਿੱਚ ਪਰਪੱਕ ਰਹਿ ਕੇ ਗੁਰਧਾਮਾਂ ਦੀ ਰੱਖਿਆ ਲਈ ਸ਼ਹੀਦੀਆਂ ਪ੍ਰਾਪਤ ਕਰਦੇ ਹਨ, ਕੌਮ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਮਹੰਤ ਨਰੈਣੂ ਤੇ ਉਸ ਦੇ ਸਾਥੀਆਂ ਵੱਲੋਂ ਦੁਰਵਿਵਹਾਰ ਕਰਨ ਤੋਂ ਰੋਕਣ ਤੇ ਗੁਰਦੁਆਰਾ ਸਾਹਿਬ ਵਿੱਚ ਮਰਯਾਦਾ ਅਨੁਸਾਰ ਸੰਗਤੀ ਪ੍ਰਬੰਧ ਦੀ ਬਹਾਲੀ ਲਈ ਸੂਰਮਿਆਂ ਵੱਲੋਂ ਦਿੱਤੀਆਂ ਅਦੁੱਤੀ ਸ਼ਹਾਦਤਾਂ ਗੁਰੂ-ਘਰਾਂ ਦੀ ਅਜ਼ਾਦੀ ਲਈ ਮਾਰਗ ਦਰਸ਼ਨ ਸਿੱਧ ਹੋਈਆਂ ਹਨ।ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਸੂਰਬੀਰ ਬਹਾਦਰ ਸਿੱਖਾਂ ਦੀ ਹਿੰਮਤ ਅਤੇ ਦਲੇਰੀ ਦੀ ਅਦੁੱਤੀ ਗਾਥਾ ਹੈ ਜੋ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਹੈ।ਉਨ੍ਹਾਂ ਕਿਹਾ ਕਿ ਲੋੜ ਹੈ ਸਿੱਖ ਪੰਥ ਅੰਦਰ ਜਾਗ੍ਰਿਤੀ ਆਏ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤਿ ਰਹਿ ਕੇ ਆਪਣਾ ਜੀਵਨ ਬਤੀਤ ਕਰਨ।
ਇਸ ਮੌਕੇ ਜਗਜੀਤ ਸਿੰਘ ਤੇ ਪਰਮਜੀਤ ਸਿੰਘ ਮੀਤ ਸਕੱਤਰ, ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਜਤਿੰਦਰ ਸਿੰਘ, ਬਿਅੰਤ ਸਿੰਘ ਅਨੰਦਪੁਰੀ, ਹਰਜਿੰਦਰ ਸਿੰਘ, ਸੁਖਰਾਜ ਸਿੰਘ ਤੇ ਰਘਬੀਰ ਸਿੰਘ ਮੰਡ ਐਡੀਸ਼ਨਲ ਮੈਨੇਜਰ, ਗੁਰਮੀਤ ਸਿੰਘ ਮੀਤ ਮੈਨੇਜਰ, ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ, ਅੰਗਰੇਜ਼ ਸਿੰਘ ਅਕਾਊਟੈਂਟ, ਅੰਮ੍ਰਿਤਪਾਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਸੈਮੀਨਾਰ ਅਤੇ ਰੈਲੀ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ …
Punjab Post Daily Online Newspaper & Print Media