Tuesday, July 21, 2026

ਸਵਾਈਨ ਫਲੂ ਸੂਰਾਂ, ਮੁਰਗੀਆਂ ਜਾਂ ਜਾਨਵਰਾਂ ਦੀ ਬਿਮਾਰੀ ਨਹੀਂ – ਡਾ. ਸਰਬਜੀਤ ਸਿੰਘ

ਬਟਾਲਾ, 2 ਮਾਰਚ (ਨਰਿੰਦਰ ਬਰਨਾਲ) – ਸਵਾਈਨ ਫਲੂ (ਐੱਚ.1 ਐੱਨ.1) ਸੂਰਾਂ, ਮੁਰਗੀਆਂ ਜਾਂ ਜਨਵਰਾਂ ਦੀ ਬਿਮਾਰੀ ਨਹੀਂ ਹੈ ਅਤੇ ਨਾ ਹੀ ਇਹ ਸੂਰਾਂ, ਮੁਰਗੀਆਂ ਜਾਂ ਜਨਵਰਾਂ ਤੇ ਪੰਛੀਆਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵੈਟਨਰੀ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਦੇਖਣ ‘ਚ ਆਇਆ ਹੈ ਕਿ ਸਵਾਈਨ ਫਲੂ ਸਬੰਧੀ ਲੋਕਾਂ ‘ਚ ਅਫਵਾਹਾਂ ਤੇ ਗਲਤ ਧਾਰਨਾਵਾਂ ਬਣ ਰਹੀਆਂ ਹਨ ਕਿ ਇਹ ਬਿਮਾਰੀ ਜਾਨਵਰਾਂ ਤੋਂ ਫੈਲਦੀ ਹੈ ਜਦਕਿ ਇਸ ਸਬੰਧੀ ਵਿਗਿਆਨਿਕ ਤੱਥ ਹੋਰ ਹਨ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸਵਾਈਨ ਫਲੂ (ਐੱਚ.1 ਐੱਨ.1) ਆਂਡੇ, ਦੁੱਧ, ਮੀਟ ਜਾਂ ਇਨ੍ਹਾਂ ਤੋਂ ਬਣੇ ਪਦਾਰਥਾਂ ਨਾਲ ਵੀ ਮਨੁੱਖਾਂ ‘ਚ ਨਹੀਂ ਫੈਲਦਾ, ਸੋ ਅਜਿਹੀਆਂ ਧਾਰਨਾਵਾਂ ਬਿਲਕੁੱਲ ਗਲਤ ਹਨ।

ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਸਵਾਈਨ ਫਲੂ ਇੱਕ ਮੌਸਮੀ ਫਲੂ ਹੈ, ਜਿਹੜਾ ਐੱਚ.1 ਐੱਨ.1 ਨਾਮ ਦੇ ਵਿਸ਼ਾਣੂ ਦੇ ਸੰਕ੍ਰਮਣ ਨਾਮ ਮਨੁੱਖਾਂ ‘ਚ ਹੁੰਦਾ ਹੈ ਅਤੇ ਮਨੁੱਖਾਂ ਵਿੱਚ ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ (101 ਡਿਗਰੀ ਫਰਨਹਾਈਟ ਤੋਂ ਉੱਪਰ), ਖਾਂਸੀ ਤੇ ਜੁਕਾਮ, ਛਿੱਕਾਂ ਆਉਣੀਆਂ, ਨੱਕ ਵਗਣਾ, ਗਲੇ ਦਾ ਦਰਦ, ਸਾਹ ਲੈਣ ਵਿੱਚ ਪਰੇਸ਼ਾਨੀ, ਦਸਤ ਲੱਗਣਾ ਅਤੇ ਸਰੀਰ ਟੁੱਟਦਾ ਮਹਿਸੂਸ ਹੋਣਾ ਹਨ।ਸਵਾਈਨ ਫਲੂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹਵਾ ਰਾਹੀਂ ਫੈਲਦਾ ਹੈ।ਖੰਘ, ਛਿੱਕਾਂ ਆਉਣ ਤੇ ਵਿਸ਼ਾਣੂ ਯੁਕਤ ਸੂਖਮ ਬੂੰਦਾਂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਸੰਕ੍ਰਮਣ ਕਰਦੀਆਂ ਜਾਂ ਵਿਸ਼ਾਣੂ ਯੁਕਤ ਬੂੰਦਾਂ ਵਾਲੀਆਂ ਸਾਰੀਆਂ ਵਸਤਾਂ, ਹੱਥ, ਨੱਕ ਅਤੇ ਅੱਖਾਂ ਆਦਿ ਨੂੰ ਛੂਹਣ ਨਾਲ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਇਹ ਫਲੂ ਹੋ ਸਕਦਾ ਹੈ।
ਵੈਟਨਰੀ ਅਫਸਰ ਡਾ. ਸਰਬਜੀਤ ਸਿੰਘ ਨੇ ਲੋਕਾਂ ਅਤੇ ਖਾਸ ਕਰਕੇ ਮੁਗਰੀ ਪਾਲਕਾਂ, ਸੂਰ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਸੂਰਾਂ, ਮੁਰਗੀਆਂ ਜਾਂ ਜਨਵਰਾਂ ਤੇ ਪੰਛੀਆਂ ਪ੍ਰਤੀ ਫਿਕਰਮੰਦ ਹੋਣ ਦੀ ਕੋਈ ਲੋੜ ਨਹੀਂ ਹੈ, ਇਹ ਬਿਮਾਰੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦੀ ਹੈ ਅਤੇ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply