
ਨਵੀਂ ਦਿੱਲੀ, 2 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਤਿੰਨ ਅਹੁਦੇਦਾਰਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਹਾਜਰੀ ‘ਚ ਕਮੇਟੀ ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਹੁਦਾ ਸੰਭਾਲ ਲਿਆ।ਅਹੁੱਦਾ ਸੰਭਾਲਣ ਸਮੇਂ ਸ੍ਰ. ਜੀ.ਕੇ ਤੇ ਸ੍ਰ. ਸਿਰਸਾ ਨੇ ਉਨਾਂ ਨੂੰ ਸਿਰਪਾਓ ਭੇਟ ਕੀਤੇ।ਜੀ.ਕੇ ਅਤੇ ਸਿਰਸਾ ਨੇ ਬੀਤੇ 2 ਸਾਲਾਂ ਤੋਂ ਕਮੇਟੀ ਵੱਲੋਂ ਕੀਤੇ ਗਏ ਉਸਾਰੂ ਕਾਰਜਾਂ ਨੂੰ ਕਮੇਟੀ ਦੇ ਅਗਲੇ ਕਾਰਜਕਾਲ ਤੱਕ ਹੋਰ ਹੁੰਗਾਰਾ ਦੇਕੇ ਸੰਗਤ ਭਲਾਈ ਅਤੇ ਵਿਦਿਅਕ ਸੁਧਾਰਾਂ ਤੇ ਜ਼ੋਰ ਦੇਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਅਸੀ ਆਪਣੇ ਸਕੂਲਾਂ ‘ਚ ਕੰਮ ਕਰ ਰਹੇ ਵਾਧੂ ਸਟਾਫ ਨੂੰ ਇਜ਼ੱਤ ਮਾਨ ਦੇ ਕੇ ਸਕੂਲਾਂ ਦੇ ਮਾਲੀ ਹਾਲਾਤਾਂ ਨੂੰ ਸੁਧਾਰਣ ਵਾਸਤੇ ਵੀ.ਆਰ.ਐਸ ਸਕੀਮ ਲਿਆਉਣ ਜਾ ਰਹੇ ਹਾਂ ਤਾਂਕਿ 6ਵੇਂ ਪੈ ਕਮਿਸ਼ਨ ਦੀਆਂ ਤਨਖਾਹਾਂ ਦਾ ਭਾਰ ਸਕੂਲਾਂ ਦੇ ਮਾਲੀ ਹਲਾਤਾਂ ਤੇ ਨਾ ਪਵੇ ਅਤੇ ਸਕੂਲਾਂ ‘ਚ ਲੋੜੀਂਦਾ ਸਟਾਫ ਹੀ ਕੰਮ ਕਰੇ।ਨਵੇਂ ਅਹੁਦੇਦਾਰਾਂ ਵੱਲੋਂ ਇਸ ਮੌਕੇ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ ਇਸ ਮੌਕੇ ਮੌਜੂਦ ਸਨ।
Punjab Post Daily Online Newspaper & Print Media