ਮਾਰਚ ਮਹੀਨੇ ਦੇ ਅੰਤ ਤੱਕ ਲੱਗ ਸਕਦੇ ਹਨ ਕਿਨੂੰ ਤੇ ਅਮਰੂਦ ਦੇ ਞਬਾਗ-ਡਿਪਟੀ ਕਮਿਸ਼ਨਰ


ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਸਰਕਾਰ ਵੱਲੋਂ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ (ਕੌਮੀ-ਰਾਜ ਬਾਗਬਾਨੀ ਵਿਕਾਸ ਮਿਸ਼ਨ) ਤਹਿਤ ਨਵੇਂ ਫਲਦਾਰ ਬਾਗਾਂ ਦੇ ਬੂਟੇ ਲਗਾਉਣ ਲਈ ਕਿਸਾਨਾਂ ਨੂੰ 50 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਬਾਗਬਾਨੀ ਦੇ ਖੇਤਰ ਵਿਚ ਤਰੱਕੀ ਦੀ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਦਾ ਵਧੀਆ ਬਦਲ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗ ਲਗਾਉਣ ਲਈ ਕਿਸਾਨ ਸਥਾਨਕ ਖੇਤੀਬਾੜੀ ਭਵਨ ਸਥਿਤ ਬਾਗਬਾਨੀ ਦਫਤਰ ਵਿਚ ਡਿਪਟੀ ਡਾਇਰੈਕਟਰ ਸ. ਬਾਜ ਸਿੰਘ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਵਿਭਾਗ ਕਿਸਾਨਾਂ ਦੀ ਹਰ ਵੇਲੇ ਸਹਾਇਤਾ ਲਈ ਤਤਪਰ ਹੈ।
ਡਿਪਟੀ ਕਮਿਸ਼ਨਰ ਸ੍ਰੀ ਭਗਤ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਅੰਤ ਤੱਕ ਕਿਨੂੰ, ਨਾਸ਼ਪਤੀ, ਆੜੂ ਅਤੇ ਅਮਰੂਦ ਦੇ ਨਵੇਂ ਬਾਗ ਲੱਗ ਸਕਦੇ ਹਨ। ਇਸ ਲਈ ਕਿਸਾਨ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਇਸ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਬਾਗਾਂ ਦੀ ਕਾਸਤ ਦੀ ਪ੍ਰਤੀ ਹੈਕਟੇਅਰ ਲਾਗਤ 60 ਹਜਾਰ ਰੁਪਏ ਵਿਚੋਂ ਅੱਧੀ ਰਕਮ ਭਾਵ 30 ਹਜਾਰ ਰੁਪਏ ਤਿੰਨ ਸਾਲਾਂ ਵਿਚ ਕ੍ਰਮਵਾਰ ਪਹਿਲੀ ਕਿਸਤ 18 ਹਜਾਰ ਰੁਪਏ ਅਤੇ ਦੂਜੀ ਅਤੇ ਤੀਜੀ ਕਿਸਤ 6-6 ਹਜਾਰ ਰੁਪਏ ਦੀ ਸਬਸਿਡੀ ਦਿੰਦੀ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿਚ ਕੁੱਲ 2207 ਹੈਕਟੇਅਰ ਰਕਬਾ ਬਾਗਾਂ ਅਧੀਨ ਹੈ, ਜਿਸ ਵਿਚੋਂ ਨਿੰਬੂ ਜਾਤੀ ਹੇਠ 552 ਹੈਕਟੇਅਰ, ਅੰਬਾਂ ਹੇਠ 131, ਲੀਚੀ ਹੇਠ 55, ਅਮਰੂਦ ਹੇਠ 411, ਨਾਸਪਤੀ ਹੇਠ 890, ਆੜੂ ਹੇਠ 55, ਅਲੂਚੇ ਹੇਠ 25 ਅਤੇ ਹੋਰ ਫਲਾਂ ਹੇਠ 88 ਹੈਕਟੇਅਰ ਰਕਬਾ ਹੈ। ਉਨਾਂ ਦੱਸਿਆ ਕਿ ਥੋੜ੍ਹੇ ਰਕਬੇ ਵਿਚੋਂ ਵੱਧ ਕਮਾਈ ਕਰਨ ਲਈ ਬਾਗਬਾਨੀ ਸਭ ਤੋਂ ਢੁਕਵਾਂ ਬਦਲ ਹੈ ਅਤੇ ਕਿਸਾਨਾਂ ਨੂੰ ਇਸ ਪਾਸੇ ਜ਼ਰੂਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਬਾਗ ਲਗਾਉਣ ਲਈ ਇਕ ਕਿਸਾਨ ਵੱਧ ਤੋਂ ਵੱਧ 4 ਹੈਕਟੇਅਰ ਤੱਕ ਲਈ ਸਬਸਿਡੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਉਨ੍ਹਾਂ ਦੇ ਨਾਲ ਹਾਜਰ ਸਨ।
Punjab Post Daily Online Newspaper & Print Media