ਅੰਮ੍ਰਿਤਸਰ, 4 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਬੱਚਿਆਂ ਨੂੰ ਦਾੜ੍ਹੀ ਰੱਖਣ ਕਰਕੇ ਸਕੂਲੋਂ ਕੱਢੇ ਜਾਣ ਦੀ ਚੇਤਾਵਨੀ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਮਲੇਸ਼ੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਜਬਰੀ ਦਾੜ੍ਹੀ ਕਟਵਾਉਣ ਲਈ ਕਹਿਣ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕਰੇ।
ਇਥੋਂ ਜਾਰੀ ਪੈ੍ਰਸ ਬਿਆਨ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਦੀ ਅੱਡਰੀ ਪਹਿਚਾਣ ਹੀ ਇਹ ਹੈ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਰੂਪ ਵਿੱਚ ਹੀ ਰਹਿੰਦੇ ਹਨ ਤੇ ਦਾੜ੍ਹੀ ਕੇਸ ਨਹੀਂ ਕਟਵਾਉਂਦੇ।ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੇ ਰਹਿਬਰ ਜਾਂ ਪੀਰ ਪੈਗੰਬਰ ਨੇ ਕੁਦਰਤ ਵੱਲੋਂ ਬਖ਼ਸ਼ੇ ਸਿਧਾਂਤ ਨਾਲ ਛੇੜਛਾੜ ਨਹੀਂ ਸੀ ਕੀਤੀ, ਸਿੱਖ ਗੁਰੂ ਸਾਹਿਬਾਨ ਦੀ ਵੀ ਇਹੀ ਸਿੱਖਿਆ ਹੈ ਕਿ ਕੁਦਰਤ ਦੇ ਨਿਯਮ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਹੈ ਜਿਸ ਵਿੱਚ ਕੇਸ ਅਹਿਮ ਹਨ।ਇਸ ਲਈ ਮਲੇਸ਼ੀਆਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਨ੍ਹਾਂ ਸਕੂਲਾਂ ਨੂੰ ਨਿਰਦੇਸ਼ ਦੇ ਕੇ ਸਿੱਖ ਬੱਚਿਆਂ ਨੂੰ ਦਿੱਤਾ ਤੁਗਲਕੀ ਫੁਰਮਾਨ ਵਾਪਸ ਕਰਵਾਏ ਤੇ ਅੱਗੇ ਤੋਂ ਸਿੱਖ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਮਲੇਸ਼ੀਆ ਦੀ ਤਰੱਕੀ ਵਿੱਚ ਵੀ ਹੋਰਨਾਂ ਦੇਸ਼ਾਂ ਵਾਂਗ ਸਿੱਖਾਂ ਦਾ ਅਹਿਮ ਯੋਗਦਾਨ ਹੈ।
Punjab Post Daily Online Newspaper & Print Media