ਜਿਹੜੇ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਉਨਾਂ ਦੀ ਕਿਸੇ ਵੀ ਰਾਇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ

ਬਠਿਡਾ, 5 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿਘ ਕੈਂਥ) – ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰਾਂ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਗਿਆਨੀ ਕੇਵਲ ਸਿੰਘ ਜੀ ਨੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਿੱਖ ਵਿਦਵਾਨ ਸ: ਗੁਰਤੇਜ ਸਿੰਘ ਸਾਬਕਾ ਆਈਏਐੱਸ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਸਾਬਕਾ ਪ੍ਰੋ: (ਡਾ:) ਗੁਰਦਰਸ਼ਨ ਸਿੰਘ ਢਿੱਲੋਂ ਨੇ ਇਕ ਸਾਂਝੇ ਪ੍ਰੈੱਸ ਨੋਟ ਵਿੱਚ ਕਿਹਾ ਕਿ ਜਿਹੜੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਨਾਨਕਸ਼ਾਹੀ ਕੈਲੰਡਰ ਸਬੰਧੀ ਉਨਾਂ ਦੀ ਕਿਸੇ ਵੀ ਰਾਇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ।ਪੰਥਕ ਮਸਲਿਆਂ ਸਬੰਧੀ ਗਹਿਰੀ ਰੁਚੀ ਰੱਖਣ ਵਾਲੇ ਇਹ ਵਿਦਵਾਨ ਪ੍ਰੈੱਸ ਵਿੱਚ ਅੱਜ ਛਪੀ ਉਸ ਖ਼ਬਰ ਸਬੰਧੀ ਆਪਣਾ ਪ੍ਰਤੀਕਰਮ ਦੇ ਰਹੇ ਸਨ; ਜਿਸ ਵਿੱਚ ਛਪਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਲਈ ਇਹ ਮਸਲਾ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਇਸ ਸਬੰਧ ਵਿੱਚ ਕੈਲੰਡਰ ਮਾਹਿਰਾਂ ਦੀ ਕਮੇਟੀ ਬਣਾਏ ਜਾਣ ਦੀ ਸੰਭਾਵਨਾ ਹੈ।ਉਸ ਖ਼ਬਰ ਵਿੱਚ ਇਹ ਵੀ ਸੰਕੇਤ ਦਿੱਤਾ ਗਿਆ ਸੀ ਕਿ ਇਸ ਮਾਮਲੇ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦਾ ਵਧੇਰੇ ਝੁਕਾਅ ਸੰਤ ਸਮਾਜ ਵੱਲ ਹੈ, ਇਸ ਲਈ ਸੰਭਾਵਨਾ ਹੈ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕੀਤਾ ਜਾ ਸਕਦਾ ਹੈ।
ਗਿਆਨੀ ਬਲਵੰਤ ਸਿੰਘ ਨੰਦਗੜ, ਗਿਆਨੀ ਕੇਵਲ ਸਿੰਘ, ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਿੱਖ ਵਿਦਵਾਨ ਸ: ਗੁਰਤੇਜ ਸਿੰਘ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕੇ 14 ਸਾਲਾਂ ਦੇ ਲੰਬੇ ਵਿਚਾਰ ਵਟਾਂਦਰੇ ਪਿੱਛੋਂ ਹੋਂਦ ਵਿੱਚ ਆਈ ਅਤੇ 1945 ਵਿੱਚ ਸ਼੍ਰੀ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਯਾਦਾ ਨੂੰ ਇਸ ਸੰਤ ਸਮਾਜ ਅਤੇ ਦੋ ਤਖ਼ਤਾਂ ਦੇ ਜਥੇਦਾਰਾਂ ਨੇ ਅੱਜ ਤੱਕ ਕਦੀ ਨਹੀਂ ਮੰਨਿਆ ਅਤੇ ਇਨਾਂ ਦੇ ਡੇਰਿਆਂ ਅਤੇ ਦੋ ਤਖ਼ਤ ਸਾਹਿਬਾਨਾਂ ‘ਤੇ ਬਹੁਤ ਸਾਰੀਆਂ ਐਸੀਆਂ ਮਨਮਤੀ ਮਰਯਾਦਾਵਾਂ ਨਿਭਾਈਆਂ ਜਾਂਦੀਆਂ ਹਨ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੀ ਘੋਰ ਉਲੰਘਣਾ ਕਰਦੀਆਂ ਹਨ। ਇਸੇ ਤਰਾਂ ਇਨਾਂ ਨੇ ਦੋ ਸਦੀਆਂ ਦੀ ਸਿੱਖ ਸੋਚ, ਕੈਲੰਡਰ ਮਾਹਿਰ ਸ: ਪਾਲ ਸਿੰਘ ਪੁਰੇਵਾਲ ਦੀ ਦਹਾਕਿਆਂ ਦੀ ਮਿਹਨਤ ਅਤੇ ਸਿੱਖ ਵਿਦਵਾਨਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਾਰੀਆਂ ਜਰੂਰੀ ਸੰਵਿਧਾਨਕ ਅਤੇ ਪੰਥਕ ਕ੍ਰਿਆਵਾਂ ਨਿਭਾਉਣ ਉਪ੍ਰੰਤ 2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਅੱਜ ਤੱਕ ਨਹੀਂ ਮੰਨਿਆਂ ਅਤੇ ਅਖੀਰ ਵੋਟ ਰਾਜਨੀਤੀ ਅਧੀਨ 2010 ਵਿੱਚ ਸੋਧਾਂ ਦੇ ਨਾਂ ‘ਤੇ ਇਸ ਦੀ ਰੂਹ ਦਾ ਕਤਲ ਕਰਕੇ ਮਿਲਗੋਭਾ ਕੈਲੰਡਰ ਕੌਮ ਦੇ ਸਿਰ ਮੜ ਦਿੱਤਾ ਅਤੇ ਹੁਣ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰਾਂ ਭੋਗ ਪਾ ਕੇ ਮੁੜ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪਣ ਲਈ ਦ੍ਰਿੜ ਜਾਪਦੇ ਹਨ।ਉਕਤ ਵਿਦਵਾਨ ਸਿੱਖ ਚਿੰਤਕਾਂ ਨੇ ਕਿਹਾ ਸਿੱਖ ਕੌਮ ਕਿਸੇ ਐਸੇ ਕੈਲੰਡਰ ਨੂੰ ਪ੍ਰਵਾਨ ਨਹੀਂ ਕਰੇਗੀ, ਜਿਸ ਨੂੰ ਪ੍ਰਵਾਨਗੀ ਦੇਣ ਵਾਲਿਆਂ ਵਿੱਚ ਸਿੱਖ ਰਹਿਤ ਮਰਯਾਦਾ ਤੋਂ ਆਕੀ ਜਥੇਦਾਰਾਂ ਦੀ ਸ਼ਮੂਲੀਅਤ ਹੋਵੇਗੀ ਜਾਂ ਉਕਤ ਡੇਰੇਦਾਰਾਂ ਦੇ ਦਬਾਅ ਅਧੀਨ ਫੈਸਲਾ ਲਿਆ ਹੋਵੇਗਾ।
ਉਕਤ ਵਿਦਵਾਨਾਂ ਨੇ ਇਹ ਵੀ ਸੁਝਾਉ ਦਿੱਤਾ ਕਿ ਜੇ ਸਿੱਖ ਰਹਿਤ ਮਰਯਾਦਾ ਤੋਂ ਆਕੀ ਜਥੇਦਾਰਾਂ ਅਤੇ ਡੇਰੇਦਾਰਾਂ ਨੂੰ 2003 ਵਾਲਾ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਨਹੀਂ ਹੈ ਤਾਂ ਜਿਸ ਤਰਾਂ ਉਨਾਂ ਨੇ ਦੋ ਤਖ਼ਤਾਂ ਅਤੇ ਡੇਰਿਆਂ ਵਿੱਚ ਆਪਣੀ ਆਪਣੀ ਮਨਮਤੀ ਮਰਯਾਦਾ ਚਾਲੂ ਰੱਖੀ ਹੋਈ ਹੈ ਉਸੇ ਤਰਾਂ ਆਪਣੇ ਤੌਰ ‘ਤੇ ਬਿਕ੍ਰਮੀ ਕੈਲੰਡਰ ਅਨੁਸਾਰ ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ, ਦਸਵੀਆਂ ਆਦਿਕ ਮਨਾਉਂਦੇ ਰਹਿਣ ਪਰ ਏਕਤਾ ਦੇ ਨਾਮ ‘ਤੇ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨਾਲ ਖਿਲਵਾੜ ਨਾ ਕਰਨ।
Punjab Post Daily Online Newspaper & Print Media