Friday, September 4, 2026

’ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਸਮਾਗਮ

PPN0703201512
ਹੁਸ਼ਿਆਰਪੁਰ, 7 ਮਾਰਚ (ਸਤਵਿੰਦਰ ਸਿੰਘ) – ਭਾਰਤ ਵਿੱਚ ਅੱਜ ਸਰਬ ਉੱਚ  ਆਹੁਦਿਆਂ ‘ਤੇ ਮਹਿਲਾਵਾਂ ਡਿਊਟੀ ਨਿਭਾਅ ਰਹੀਆਂ ਹਨ, ਪਰ ਔਰਤਾਂ ਦਾ ਦਰਜਾ ਬਰਾਬਰ ਤਾਂ ਹੀ ਕਿਹਾ ਜਾ ਸਕਦਾ ਹੈ, ਜੇਕਰ ਇੱਕ ਮਜ਼ਦੂਰ ਔਰਤ ਨੂੰ ਵੀ ਬਰਾਬਰ ਮੰਨਿਆ ਜਾਵੇ। ਇਹ ਵਿਚਾਰ ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਪਿੰਡ ਆਦਮਵਾਲ ਵਿਖੇ ‘ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਤਾਂ ਹੀ ਲਾਭ ਹੋਵੇਗਾ, ਜੇਕਰ ਇਸਤਰੀ ਜਾਤੀ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਹੰਭਲਾ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਪੜ੍ਹੇ-ਲਿਖੇ ਹੋਣਾ ਅਤੇ ਆਰਥਿਕ ਤੌਰ ‘ਤੇ ਆਜ਼ਾਦ ਹੋਣਾ ਇਸ ਲੜਾਈ ਦਾ ਪਹਿਲਾ ਪੜ੍ਹਾਅ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤ ਕਿਸੇ ਵੀ ਪੱਖ ਤੋਂ ਕਮਜ਼ੋੋਰ ਨਹੀਂ ਹੈ ਅਤੇ ਹੁਣ ਉਹ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ  ਨੂੰ ਹਰ ਪੱਖੋਂ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਨੂੰ 9 ਹਿੱਸਿਆਂ ਵਿੱਚ ਵੰਡ ਕੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਪਿੰਡ ਆਦਮਵਾਲ ਵਿੱਚ ਪਿਛਲੇ ਇੱਕ ਸਾਲ ਵਿੱਚ ਨਵ-ਵਿਆਹੀਆਂ ਇਸਤਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਪਿੰਡ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਵੀਨੀਤ ਜੋਸ਼ੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੱਚਿਆਂ ਨੂੰ ਪ੍ਰੇਰਨਾਂ ਦਿੱਤੀ ਕਿ ਉਹ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਆਪਣੇ ਸਰੀਰ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸੇਸ਼ ਧਿਆਨ ਰੱਖਣ। ਉਨ੍ਹਾਂ ਬੱਚਿਆਂ ਨੂੰ ਪ੍ਰੇੇਰਿਤ ਕਰਦਿਆਂ ਅਪੀਲ ਕੀਤੀ ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਨੁੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਨ੍ਹਾਂ ਨੂੰ ਸੁਚੇਤ ਕਰਨ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਦੇ ਇਤਿਹਾਸ ਨੂੰ ਬਰਕਰਾਰ ਰੱਖਦੇ ਹੋਏ ਔਰਤਾਂ ਨੂੰ 21ਵੀਂ ਸਦੀ ਵਿੱਚ ਵੀ ਆਪਣੀ ਭੂਮਿਕਾ ਨੂੰ ਪਛਾਨਣ ਦੀ ਲੋੜ ਹੈ। ਸੰਜੀਵ ਤਲਵਾੜ, ਸਕੂਲ ਪ੍ਰਿੰਸੀਪਲ, ਸਰਪੰਚ ਸਤਵੀਰ ਸਿੰਘ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿੱਲੋਂ ਨੇ ਇਸ ਮੌਕੇ ‘ਤੇ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਹੋਇਆ ਆਪਣੇ ਵਿਚਾਰ ਪ੍ਰਗਟ ਕੀਤੇ। ਡਾ: ਅਜੇ ਬੱਗਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਤੋਂ 10 ਮਾਰਚ ਤੱਕ ਸਰਕਾਰੀ ਹਸਪਤਾਲਾਂ ਵਿੱਚ ਮਹਿਲਾਵਾਂ ਲਈ ਵਿਸ਼ੇਸ਼ ਚੈੱਕਅਪ ਕੈਂਪ ਲਗਾਏ ਜਾਣਗੇ, ਜਿਸ ਵਿੱਚ ਉਨ੍ਹਾਂ ਦੀ ਸਿਹਤ ਸੰਬੰਧੀ ਟੈਸਟ ਅਤੇ ਚੈੱਕਅਪ ਕੀਤੇ ਜਾਣਗੇ। ਇਸ ਮੌਕੇ ਡਾ: ਸਰਦੂਲ ਸਿੰਘ ਅਤੇ ਡਾ: ਰਜੇਸ਼ ਟੰਡਨ ਨੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਅ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਡਾ: ਗੁਨਦੀਪ ਕੌਰ ਨੇ ਬੱਚਿਆਂ ਨੂੰ ਹੱਥਾਂ ਦੀ ਸਫ਼ਾਈ ਰੱਖਣ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਵੀ ਲਗਾ ਕੇ ਕਰੀਬ 500 ਬੱਚਿਆਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਬਲਵੰਤ ਸਿੰਘ ਮਾਂਗਟ, ਮਹਾਂਵੀਰ ਸਿੰਘ, ਸ਼ਾਮ ਲਾਲ ਰਾਣਾ, ਵਿਨੋਦ ਪਸਾਨ, ਦਵਿੰਦਰ ਲਾਲ ਅਰੋੜਾ, ਅਜੇ ਕਪੂਰ, ਵਿਜੇ ਅਰੋੜਾ, ਉਂਕਾਰ ਸਿੰਘ, ਵਿਪਨ ਤਲਵਾੜ, ਰੋਹਿਤ ਕੁਮਾਰ, ਰੋਹਿਤ ਅਗਰਵਾਲ ਆਦਿ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply