
ਅੰਮ੍ਰਿਤਸਰ, 7 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਨੀਆ ਭਰ ਦੇ ਵਾਤਾਵਰਣ ਪ੍ਰੇਮੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਾਸਤੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਇਹ ਐਲਾਨ ਕੀਤਾ ਹੈ ਕਿ ਉਹ ਗੁਰਦੁਆਰਾ ਸਤਲਾਣੀ ਸਾਹਿਬ ਨੇੜੇ ਅੰਮਿਤਸਰ ਵਿਖੇ ਬਹੁਤ ਜਲਦ ਕੁਦਰਤੀ ਅਤੇ ਜੈਵਿਕ ਸਬਜੀਆਂ ਅਤੇ ਅਨਾਜ ਉਗਾਉਂਣਗੇ।ਇਹ ਪੈਦਾਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਵਿਖੇ ਵਰਤੀ ਜਾਵੇਗੀ ਅਤੇ ਹੋਰਨਾਂ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰੇਗੀ ਕਿ ਉਹ ਕੁਦਰਤੀ ਖੇਤੀ ਕਰਕੇ ਨਾ ਸਿਰਫ ਲੰਗਰਾਂ ਵਿੱਚ ਆਪਣਾ ਹਿੱਸਾ ਪਾਉਂਣ ਬਲਕਿ ਆਪਣਾ ਜੀਵਨ ਅਤੇ ਆਪਣੀ ਪੈਦਾਵਾਰ ਵਿੱਚ ਵੀ ਵਾਧਾ ਕਰਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਹੋਂਦ ਵਿੱਚ ਆਈ ਅਤੇ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੀ ਯੋਗ ਸੰਭਾਲ ਵਾਸਤੇ ਬ੍ਰਿਟਿਸ਼ ਗੌਰਮੈਂਟ ਐਕਟ 1 ਨਵੰਬਰ 1925 ਰਾਹੀਂ ਵੱਡੇ ਪੱਧਰ ਤੇ ਮਾਨਤਾ ਪ੍ਰਾਪਤ ਹੋਈ। ਇਸ ਵਕਤ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਸਾਰੇ ਦੇਸ਼ ਵਿੱਚ ਵੱਡੇ ਇਤਿਹਾਸਕ ਗੁਰਦੁਆਰਿਆਂ ਦਾ ਰੱਖ-ਰਖਾਵ ਦੇਖਦੀ ਹੈ।
ਈਕੋ ਸਿੱਖ ਵੱਲੋਂ ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰਧਾਨ ਐਸ.ਜੀ.ਪੀ.ਸੀ. ਨੂੰ ਵਧਾਈ ਦਿੱਤੀ ਗਈ ਕਿ ਉਹਨਾਂ ਨੇ ਕਾਰਜਕਾਰਨੀ ਕਮੇਟੀ ਦੀ 3 ਮਾਰਚ 2015 ਦੀ ਬੈਠਕ ਵਿੱਚ ਇਹ ਅਹਿਮ ਫੈਸਲਾ ਲਿਆ ਕਿ ਗੁਰਦੁਆਰਾ ਸਤਲਾਣੀ ਸਾਹਿਬ ਦੀ 35 ਏਕੜ੍ਹ ਜਮੀਨ ਉਤੇ ਜੈਵਿਕ ਖੇਤੀ ਅਪਣਾਈ ਜਾਵੇਗੀ। ਇਸ ਖੇਤੀ ਰਾਹੀਂ ਹੋਈ ਪੈਦਾਵਾਰ ਤਕਰੀਬਨ 1 ਲੱਖ ਸ਼ਰਧਾਲੂਆਂ ਜਿਹੜੇ ਰੋਜ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਵਾਸਤੇ ਆਉਂਦੇ ਹਨ, ਦਾ ਲੰਗਰ ਤਿਆਰ ਹੋਵੇਗਾ।
ਈਕੋ ਸਿੱਖ ਦੀ ਅੰਮ੍ਰਿਤਸਰ ਟੀਮ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਸ਼ਹਿਰ ਦੀਆਂ ਮੁੱਢਲੀਆਂ ਸੰਸਥਾਵਾਂ ਇਸ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਦੀ ਪੁਰਜੋਰ ਕੋਸ਼ਿਸ਼ ਕਰਨ।ਈਕੋ ਸਿੱਖ ਦੇ ਨੁੰਮਾਇਦਿਆਂ ਨੇ ਪਿਛਲੇ ਹਫਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਿੰਨ੍ਹਾਂ ਵਿੱਚ ਸz. ਸੁਖਦੇਵ ਸਿੰਘ ਭੌਰ, ਸz. ਰਜਿੰਦਰ ਸਿੰਘ ਮਹਿਤਾ ਅਤੇ ਸz. ਰੂਪ ਸਿੰਘ ਦੇ ਨਾਲ ਬੈਠਕ ਦੇ ਵਿੱਚ ਸ਼ਹਿਰ ਦੇ ਵਾਤਾਵਰਣ ਸਬੰਧੀ ਹੋਰ ਵੀ ਮੁੱਦੇ ਵਿਚਾਰੇ।
ਗੁਨਬੀਰ ਸਿੰਘ, ਚੇਅਰਮੈਨ ਈਕੋ ਅੰਮ੍ਰਿਤਸਰ ਨੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ‘ਕਿ ਦੁਨੀਆਂ ਭਰ ਦੇ ਵਾਤਾਵਰਣ ਪ੍ਰੇਮੀਆਂ ਵਾਸਤੇ ਇਹ ਇੱਕ ਬਹੁਤ ਵਧੀਆ ਸੁਨੇਹਾ ਅਤੇ ਹੁੰਗਾਰਾ ਹੈ, ਜਿੱਥੇ ਇਸ ਵੇਲੇ ਦੁਨੀਆਂ ਭਰ ਵਿੱਚ ਰਸਾਇਣਿਕ ਖੇਤੀ ਦੇ ਖਿਲਾਫ ਅਵਾਜਾਂ ਉਠ ਰਹੀਆਂ ਹਨ ਉਥੇ ਸ਼੍ਰੀ ਹਰਿਮੰਦਿਰ ਸਾਹਿਬ ਦੀ ਮੁਕੱਦਸ ਨਗਰੀ ਤੋਂ ਇਹ ਵੱਡਾ ਫੈਸਲਾ ਦੁਨੀਆਂ ਭਰ ਦੇ ਧਰਮਾਂ ਵਾਸਤੇ ਇੱਕ ਚਾਨਣ ਮੁਨਾਰਾ ਸਾਬਿਤ ਹੋਵੇਗਾ’।
ਤਰੁਨਦੀਪ ਸਿੰਘ, ਐਡਮਿਨਿਸਟ੍ਰੇਟਰ ਈਕੋ ਅੰਮ੍ਰਿਤਸਰ ਜੋ ਸ਼੍ਰੋਮਣੀ ਕਮੇਟੀ ਨਾਲ ਬਹੁਤ ਨਜਦੀਕ ਤੋਂ ਕੰਮ ਕਰਦੇ ਹਨ ਨੇ ਕਿਹਾ ਕਿ ‘ਅਸੀਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ਅਤੇ ਆਸ ਕਰਦੇ ਹਾਂ ਕਿ ਇਸ ਫੈਸਲੇ ਰਾਹੀਂ ਸਾਰੇ ਪ੍ਰਾਂਤ ਅਤੇ ਦੇਸ਼ ਵਿੱਚ ਇੱਕ ਨਵੀਂ ਲਹਿਰ ਜੈਵਿਕ ਖੇਤੀ ਦੇ ਹੱਕ ਵਿੱਚ ਉਭਰੇਗੀ’।
ਡਾ. ਰਾਜਵੰਤ ਸਿੰਘ, ਪ੍ਰਧਾਨ ਈਕੋ ਸਿੱਖ ਯੂ.ਐਸ.ਏ. ਨੇ ਕਿਹਾ ‘ਕਿ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਆਉਂਣ ਵਾਲੇ ਸਮੇਂ ਵਿੱਚ ਇੱਕ ਬਹੁਤ ਵਧੀਆ ਪ੍ਰਭਾਵ ਪਵੇਗਾ। ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਘਟਾਉਂਦਿਆਂ ਹੋਇਆਂ ਖਤਮ ਕਰਨ ਦੇ ਵਿੱਚ ਹੀ ਸਾਡੀ ਧਰਤੀ ਮਾਤਾ ਦੀ ਸਿਹਤ ਲੁਕੀ ਹੈ। ਲੰਗਰ ਤੋਂ ਸ਼ੁਰੂਆਤ ਕਰਕੇ ਹਰ ਇੰਨਸਾਨ ਦੀ ਖੁਰਾਕ ਰਸਾਇਣਾਂ ਰਹਿਤ ਹੋਣੀ ਚਾਹੀਦੀ ਹੈ, ਇਹ ਹੀ ਲੰਗਰ ਦਾ ਅਸਲ ਮਾਇਨਾ ਹੈ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾਂ ਸਿੱਖੀ ਦੇ ਧੁਰੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਹ ਵੱਡਾ ਫੈਸਲਾ ਸੁਣਾ ਰਹੀ ਹੈ।’
ਉਹਨਾਂ ਹੋਰ ਕਿਹਾ ‘ਕਿ ਅਸੀਂ ਆਸ ਕਰਦੇ ਹਾਂ ਕਿ ਦੁਨੀਆਂ ਭਰ ਦੇ ਗੁਰਦੁਆਰੇ ਅਤੇ ਹੋਰ ਧਾਰਮਿਕ ਸੰਸਥਾਨ ਇਸ ਫੈਸਲੇ ਤੋਂ ਸੇਧ ਲੈਂਦਿਆਂ ਹੋਇਆਂ ਆਪਣੇ ਲੰਗਰਾਂ ਦੇ ਵਿੱਚ ਵੱਧ ਤੋਂ ਵੱਧ ਜੈਵਿਕ ਉਤਪਾਦ ਵਰਤਣਗੇ।’
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media