
ਅੰਮ੍ਰਿਤਸਰ, 8 ਮਾਰਚ (ਰੋਮਿਤ ਸ਼ਰਮਾ / ਜਗਦੀਪ ਸਿੰਘ ਸੱਗੂ) – ਭਾਰਤ ਦੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਐਵਾਰਡ ਜੇਤੂ ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸ੍ਰੀ ਸਵਦੇਸ਼ ਦੀਪਕ ਦਾ ਲਿਖਿਆ ਪ੍ਰਸਿੱਧ ਨਾਟਕ ‘ਕੋਰਟ ਮਾਰਸ਼ਲ’ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਸਫਲਤਾ ਸਹਿਤ ਪੇਸ਼ ਕੀਤਾ ਗਿਆ। ਇਸ ਭਾਵਪੁਰਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਹਲੂਣਿਆਂ। ਦੇਸ਼ ਦੀ ਰਾਖੀ ਕਰਨ ਵਾਲੇ ਸੈਨਿਕਾਂ ਦੀ ਜ਼ਿੰਦਗੀ ‘ਤੇ ਆਧਾਰਤ ਨਾਟਕ ਕੋਰਟ ਮਾਰਸ਼ਲ ਦੀ ਕਹਾਣੀ ਅਨੁਸਾਰ ਇਕ ਸਿੱਧੇ-ਸਾਧੇ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ ਸੈਨਾ ਦੇ ਜਵਾਨ ਰਾਮਚੰਦਰ ਦਾ ਕੋਰਟ ਮਾਰਸ਼ਲ ਹੁੰਦਾ ਹੈ। ਜੋ ਆਪਣੇ ਇੱਕ ਅਫ਼ਸਰ ਨੂੰ ਗੋਲੀ ਮਾਰਕੇ ਮਾਰ ਦਿੰਦਾ ਹੈ ਤੇ ਦੂਜੇ ਨੂੰ ਜਖ਼ਮੀ ਕਰ ਦਿੰਦਾ ਹੈ।ਕੋਰਟ ਮਾਰਸ਼ਲ ਦੇ ਦੌਰਾਨ ਇੱਕ ਦਿਲ ਕੰਬਾ ਦੇਣ ਵਾਲੇ ਸੱਚ ਦਾ ਪਤਾ ਲਗਦਾ ਹੈ ਕਿ ਹਾਲੇ ਵੀ ਅਸੀਂ ਸਾਮੰਤਵਾਦ ਤੇ ਰੂੜੀਵਾਦ ਤੋਂ ਉਪਰ ਨਹੀਂ ਉਠ ਸਕੇ, ਦੇਸ਼ ਦਾ ਸੰਵੀਧਾਨ ਭਾਵੇਂ ਸਾਨੂੰ ਬਰਾਬਰ ਦਾ ਅਧਿਕਾਰ ਤਾਂ ਦੇਂਦਾ ਹੈ, ਪਰ ਸੋਚਣ ਦੇ ਪੱਧਰ ਤੇ ਵੀ ਅਸੀਂ ਆਪਣੇ ਤੋਂ ਹੇਠਲੇ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ। ਜਦੋਂ ਵਿਵਸਥਾ ਜਾਤ-ਪਾਤ ਤੋਂ ਉਪਰ ਨਾਂ ਉਠੇ, ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਤਾਂ ਉਸ ਵੇਲੇ ਕੋਈ ਜਵਾਨ ਰਾਮਚੰਦਰ ਗੋਲੀ ਚਲਾਉਣ ਲਈ ਮਜ਼ਬੂਰ ਹੋ ਜਾਂਦਾ ਹੈ।
ਇਸ ਨਾਟਕ ਵਿੱਚ ਪਵੇਲ ਸੰਧੂ, ਜਸਵੰਤ ਜੱਸ, ਪਵਨਦੀਪ, ਗੁਰਤੇਜ ਮਾਨ, ਮਨਜਿੰਦਰ ਅਨਜਾਨ, ਵਿਸ਼ੂ ਸ਼ਰਮਾ, ਗੁਰਕੀਰਤ ਸੰਧੂ, ਰਾਜਿੰਦਰ ਨਾਗੀ, ਹੈਨਰੀ ਬੈਂਜਾਮਿਨ, ਹਰਜਾਪ ਸਿੰਘ, ਵਿਕਾਸ ਜੋਸ਼ੀ, ਪਲਵਿੰਦਰ ਪ੍ਰਿੰਸ, ਜੀਵਨ ਸ਼ਰਮਾ ਆਦਿ ਕਲਾਕਾਰਾ ਨੇ ਆਪਣੀ ਬੁਲੰਦ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਪਿੱਠਵਰਤੀ ਸੰਗੀਤ ਰਜਿੰਦਰ ਲੋਪੋਕੇ ਵੱਲੋਂ ਦਿੱਤਾ ਗਿਆ।ਇਸ ਮੌਕੇ ਫ਼ਿਲਮ ਨਿਰਦੇਸ਼ਕ ਸ਼ਪਿੰਦਰ ਸੈਣੀ, ਡਾ: ਹਰਭਜਨ ਸਿੰਘ ਭਾਟੀਆ, ਜਤਿੰਦਰ ਬਰਾੜ, ਪ੍ਰੋ: ਦਵਿੰਦਰ ਬਰਾੜ, ਸ੍ਰੀਮਤੀ ਕੁਲਦੀਪ ਢਿੱਲੋਂ, ਸੁਖਮਨ ਢਿੱਲੋਂ, ਉਰਵਿੰਦਰ ਭਸੀਨ, ਸੁਨੀਲ ਕੁਮਾਰ ਆਦਿ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media