Friday, July 3, 2026

ਖ਼ਾਲਸਾ ਕਾਲਜ ਵੂਮੈਨ ਵਿਖੇ 2 ਰੋਜ਼ਾ ਯੂ. ਜੀ. ਸੀ ਵੱਲੋਂ ਰਾਸ਼ਟਰੀ ਗੋਸ਼ਟੀ ਦਾ ਆਯੋਜਨ

Khalsa College, Amritsar

ਅੰਮ੍ਰਿਤਸਰ, 9 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੀ. ਜੀ. ਵਿਭਾਗ ਵੱਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ ਵਪਾਰ, ਵਣਜ, ਉਦਯੋਗਿਕ ਵਿੱਚ ਸਮਕਾਲੀਨ ਮੁੱਦਿਆਂ ‘ਤੇ 2 ਰੋਜ਼ਾ ਰਾਸ਼ਟਰੀ ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਸ: ਸ਼ਰਨਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਵਿਭਾਗ ਮੁੱਖੀ ਸ੍ਰੀਮਤੀ ਸੁਮਨ ਨਈਅਰ ਨੇ ਮੁੱਖ ਮਹਿਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਗੋਸ਼ਟੀ ਦੌਰਾਨ ਸ: ਢਿੱਲੋਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਘਰੇਲੂ ਉਤਪਾਦ ਨੂੰ ਵਧਾਉਣ ਲਈ ਉਦਯੋਗਿਕ ਖੇਤਰ ਦੀ ਭੂਮਿਕਾ ਅਹਿਮ ਹੁੰਦੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਿਆਦਾ ਉਦਯੋਗਿਕ ਗਤੀਵਿਧੀਆਂ ਭਾਰਤੀ ਅਬਾਦੀ ਲਈ ਰੋਜ਼ਗਾਰ ਦੇ ਨਵੇਂ ਮੌਕਿਆਂ ਵਿੱਚ ਵਾਧਾ ਕਰ ਸਕਦੀਆਂ ਹਨ।ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਮੇਕ ਇਨ ਇੰਡੀਆ’ ਅਭਿਆਨ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥਣਾਂ ਨੂੰ ਇਸ ਨਾਲ ਜਿਆਦਾ ਤੋਂ ਜਿਆਦਾ ਜੁੜਣ ਲਈ ਪ੍ਰੇਰਿਤ ਕੀਤਾ।ਸ: ਢਿੱਲੋਂ ਨੇ ਖੇਤੀਬਾੜੀ ਦੇ ਕੰਮਾਂ ਵਿੱਚ ਨਵੀਂ ਤਕਨੀਕ ਮੁਤਾਬਕ ਬਦਲਾਅ ‘ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਵਿੱਚ ਕਾਮਰਸ ਵਿਭਾਗ ਵਿੱਚ ਐਸੋਸੀਏਟ ਪ੍ਰੋ: ਬਲਵਿੰਦਰ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਅੱਜ ਮੌਜ਼ੂਦਾ ਸਮੇਂ ਵਿੱਚ ਸੂਚਨਾ ਉਦਯੋਗਿਕ ਤਕਨੀਕਾਂ ਦਾ ਵਪਾਰ ‘ਤੇ ਸਿੱਧਾ ਅਸਰ ਪੈ ਰਿਹਾ ਹੈ, ਇਸ ਲਈ ਇਨ੍ਹਾਂ ਨਵੇਂ ਸਾਧਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਜਿਆਦਾ ਤੋਂ ਜਿਆਦਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਡਾ. ਮਨਜੀਤ ਸਿੰਘ ਸਕੂਲ ਆਫ਼ ਮੈਨੇਜ਼ਮੈਂਟ, ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਅੱਜ ਦੇ ਤਕਨੀਕੀ ਵਿਕਾਸ ਨੇ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਈ. ਟੀ. ਸੈਕਟਰ ਵਿੱਚ ਜੁੜਣ ਨਾਲ ਸਾਨੂੰ ਵੱਖ-ਵੱਖ ਖੇਤਰਾਂ ਜਿਵੇਂ ਵਿੱਤ, ਮੰਡੀਕਰਨ ਅਤੇ ਮਨੁੱਖੀ ਵਤੀਰੇ ਨੂੰ ਸਮਝਣ ਵਿੱਚ ਜਿਆਦਾ ਸਹਾਇਤਾ ਮਿਲਦੀ ਹੈ।

ਇਹ ਪ੍ਰੋਗਰਾਮ 3 ਸ਼ੈਸ਼ਨਾਂ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਹਿਲੇ ਸ਼ੈਸ਼ਨ ਵਿੱਚ ਡਾ. ਰਮੇਸ਼ ਚੰਦ, ਡਾ. ਜਸਪਾਲ ਸਿੰਘ, ਦੂਸਰੇ ਸ਼ੈਸ਼ਨ ਵਿੱਚ ਡਾ. ਬੀ. ਐੱਮ. ਮਾਨ, ਡਾ. ਅਮਨਦੀਪ ਕੌਰ ਆਹਲੂਵਾਲੀਆ ਅਤੇ ਡਾ. ਸਿਧਾਰਥ ਅਤੇ ਤੀਸਰੇ ਸ਼ੈਸ਼ਨ ਵਿੱਚ ਡਾ. ਬੀ. ਐੱਸ. ਹੁੰਦਲ, ਡਾ. ਮਨਦੀਪ ਕੌਰ, ਡਾ. ਹਰਮੀਨ ਕੌਰ ਸੋਚ, ਡਾ. ਅਮਰਜੀਤ ਸਿੱਧੂ ਨੇ ਆਪਣੇ ਪਰਚੇ ਪੜ੍ਹੇ।ਆਖਿਰ ਵਿੱਚ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਵਿਚਾਰਾਂ ਦੀ ਸ਼ਲਾਘਾ ਕੀਤੀ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply