ਬਟਾਲਾ, 10 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਛੰਭ ਵਿਖੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਸ਼ਹੀਦੀ ਸਮਾਰਕ ਸਿੱਖ ਇਤਿਹਾਸ਼ ਦੇ ਬਹਾਦਰੀ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਨ ਦੇ ਨਾਲ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਦਾ ਉਦਘਾਟਨ ਦਸੰਬਰ 2011 ਨੂੰ ਕੀਤਾ ਗਿਆ ਸੀ ਅਤੇ ਇਹ ਸਮਾਰਕ ਸਿੱਖ ਤਵਾਰੀਖ ਦੇ ਛੋਟੇ ਘੱਲੂਘਾਰੇ ਦੀ ਗਵਾਹ ਬਣੀ ਹੋਈ ਹੈ। ਨਵੀ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਤੋਂ ਜਾਣੂ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਦੀ ਛੰਭ ਵਿਖੇ ਸਥਾਪਤ ਕੀਤੀ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਬੀਤੇ ਤਿੰਨ ਸਾਲ ਦੇ ਅਰਸੇ ਦੌਰਾਨ 1 ਲੱਖ 70 ਹਜ਼ਾਰ ਤੋਂ ਵੱਧ ਸ਼ਰਧਾਲੂ ਅਤੇ ਦੂਰ ਨੇੜਿਓਂ ਆਏ ਸੈਲਾਨੀਆਂ ਦਰਸ਼ਨ ਕਰਕੇ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਹੋ ਚੁੱਕੇ ਹਨ। ਇਸ ਸਮਾਰਕ ਦੇ ਦਰਸ਼ਨ ਕਰਨ ‘ਚ ਵਿਦੇਸ਼ੀ ਸੈਲਾਨੀਆਂ ਵੀ ਖਾਸ ਉਤਸ਼ਾਹ ਦਿਖਾ ਰਹੇ ਹਨ ਅਤੇ ਕਈ ਵਿਦੇਸ਼ੀ ਸੈਲਾਨੀ ਅੰਮ੍ਰਿਤਸਰ ਤੋਂ ਹਿਮਾਚਲ ਨੂੰ ਜਾਂਦੇ ਹੋਏ ਇਸ ਸ਼ਹੀਦੀ ਸਮਾਰਕ ਦੇ ਵੀ ਦਰਸ਼ਨ ਕਰਕੇ ਜਾਂਦੇ ਹਨ।
ਛੋਟਾ ਘੱਲੂਘਾਰਾ ਸਮਾਰਕ ਦੀ ਸਾਂਭ ਸੰਭਾਲ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਹੋਈ ਹੈ, ਜਿਸ ਕਮੇਟੀ ਵੱਲੋਂ ਸਮਾਰਕ ਦੀ ਦੇਖ-ਰੇਖ, ਸਾਂਭ-ਸੰਭਾਲ ਤੇ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ। ਸਮਾਰਕ ‘ਚ ਆਉਣ ਵਾਲੇ ਹਰ ਯਾਤਰੀ ਦਾ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਾਰਕ ਦੇ ਦਰਸ਼ਨ ਕਰਾਉਣ ਦੇ ਨਾਲ ਇਥੋਂ ਦੇ ਗੌਰਵਮਈ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਸਮਾਰਕ ਵਿੱਚ ਸਵਾਗਤੀ ਕਮੇਟੀ ਤੋਂ ਇਲਾਵਾ ਸਮਾਰਕ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਤੇ ਫੁੱਲ-ਬੂਟਿਆਂ ਦੀ ਸੰਭਾਲ ਲਈ ਮਾਲੀ, ਸੁਰੱਖਿਆ ਕਰਮਚਾਰੀ, ਸਫਾਈ ਕਰਮਚਾਰੀ ਵੀ ਰੱਖੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੀ ਸਮਾਰਕ ਵਿਖੇ ਸਮੇਂ-ਸਮੇਂ ਨਾਟਕ, ਵਿਚਾਰ ਗੋਸ਼ਟੀਆਂ ਤੇ ਹੋਰ ਸਮਾਗਮ ਕਰਾ ਕੇ ਨਵੀਂ ਪੀੜ੍ਹੀ ਨੂੰ ਇਸ ਮਹਾਨ ਸਾਕੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਕਸਰ ਹੀ ਇਥੇ ਵਿਦਿਅਕ ਟੂਰ ‘ਤੇ ਆਉਂਦੇ ਹਨ।
ਦੱਸਣਯੋਗ ਹੈ ਕਿ ਕਾਹਨੂੰਵਾਨ ਛੰਬ ਵਿਖੇ 17 ਮਈ 1746 ਨੂੰ ਸਿੱਖਾਂ ਨਾਲ ਜੋ ਖੂਨੀ ਦੁਖਾਂਤ ਵਾਪਰਿਆ ਸੀ, ਇਤਿਹਾਸ ਵਿੱਚ ਉਸ ਨੂੰ ਛੋਟੇ ਘੱਲੂਘਾਰੇ ਦਾ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਘੱਲੂਘਾਰੇ ਵਿੱਚ ਲੱਗਭਗ 11000 ਤੋਂ ਵੱਧ ਸਿੰਘਾਂ-ਸਿੰਘਣੀਆਂ ਤੇ ਬੱਚਿਆਂ ਦੀ ਸ਼ਹਾਦਤ ਹੋਈ ਸੀ। ਉਸ ਮੌਕੇ ਮੁਗਲ ਫੌਜਾਂ ਨੇ ਕਾਹਨੂਵਾਨ ਦੀ ਛੰਬ ਵਿਖੇ ਸਿੰਘਾਂ ਨੂੰ ਘੇਰਾ ਪਾ ਲਿਆ ਸੀ ਅਤੇ ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰਕੇ ਮੈਦਾਨੇ-ਜੰਗ ਵਿੱਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੂਝ ਪਏ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਇਹ ਘੱਲੂਘਾਰਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਰੱਖਦਾ ਹੈ ਅਤੇ ਸਮੁੱਚਾ ਸਿੱਖ ਜਗਤ ਅੱਜ ਵੀ ਕੌਮ ਦੇ ਮਹਾਨ ਯੋਧਿਆਂ ਨੂੰ ਸਿਰ ਝੁਕਾਉਂਦਾ ਹੈ।
Punjab Post Daily Online Newspaper & Print Media