
ਨਵੀਂ ਦਿੱਲੀ, 10 ਮਾਰਚ (ਅੰਮ੍ਰਿਤ ਲਾਲ ਮੰਨਣ) – ਬਾਬਾ ਬਘੇਲ ਸਿੰਘ ਵੱਲੋਂ 1783 ‘ਚ ਮੁਗਲ ਰਾਜ ਦਾ ਤਖਤਾ ਪਲਟ ਕਰਦੇ ਹੋਏ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਝੁਲਾਉਣ ਦੇ ਪ੍ਰਤੀਕ ਦਿੱਲੀ ਫਤਹਿ ਦਿਵਸ ਦੀ 232ਵੀਂ ਵਰ੍ਹੇਗੰਢ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ 21 ਤੇ 22 ਮਾਰਚ ਨੂੰ ਲਾਲ ਕਿਲਾ ਮੈਦਾਨ ਵਿਖੇ ਲਗਾਤਾਰ ਦੂਜੀ ਵਾਰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਪੱਤਰਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਇਸ ਸਮਾਗਮ ਨੂੰ ਹਰ ਸਾਲ ਸਿੱਖ ਕੌਮ ਦੀ ਬਹਾਦਰੀ ਅਤੇ ਅਣਖ ਦੇ ਪ੍ਰਤੀਕ ਦੇ ਤੌਰ ਤੇ ਮਨਾਉਣ ਦਾ ਵੀ ਸੰਗਤਾਂ ਨੂੰ ਸੁਨੇਹਾ ਦਿੱਤਾ।ਕੌਮਾਂਤਰੀ ਪੱਧਰੀ ਪ੍ਰੋਗਰਾਮ ਕਮੇਟੀ ਵੱਲੋਂ ਉਲੀਕ ਕੇ ਦਿੱਲੀ ਫਤਹਿ ਦਿਹਾੜੇ ਨੂੰ ਕੌਮੀ ਦਿਹਾੜੇ ਵੱਜੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਭਵਿੱਖ ‘ਚ ਪੁੂਰਨ ਉਤਸਾਹ ਨਾਲ ਮਨਾਉਣ ਲਈ ਸਰਕਾਰ ਨੂੰ ਮਜਬੂਰ ਕਰਨ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।
ਦੋ ਦਿਹਾੜੇ ਚਲਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ 21 ਮਾਰਚ ਨੂੰ ਲਾਲ ਕਿਲੇ ਮੈਦਾਨ ‘ਚ ਲਗਭਗ 1 ਲੱਖ ਸੰਗਤਾਂ ਦੀ ਮੌਜੂਦਗੀ ‘ਚ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਵੇਗਾ ਅਤੇ ਦੁੂਜੇ ਦਿਨ ਸਿੱਖ ਕੌਮ ਦੀ ਬਹਾਦਰੀ ਅਤੇ ਵਿਸ਼ਾਲਤਾ ਦੇ ਪ੍ਰਤੀਕਾਂ ਨੂੰ ਸੁਨਹਿਰੇ ਸਿੱਖ ਇਤਿਹਾਸ ਦੇ ਪੰਨਿਆਂ ਚੋਂ ਕੱਢ ਕੇ ਜਰਨੈਲੀ ਮਾਰਚ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਜੀ.ਕੇ ਨੇ ਕਿਹਾ ਕਿ ਜਿਸ ਇਤਿਹਾਸ ਨੂੰ ਪਿੱਛਲੇ ਲੰਬੇ ਸਮੇਂ ਤੋਂ ਦਿੱਲੀ ਦੀ ਸੰਗਤ ਵੱਲੋਂ ਭੁਲਾਇਆ ਜਾ ਚੁੱਕਿਆ ਸੀ ਪਰ ਬੀਤੇ ਸਾਲ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਨੇ ਸੰਗਤਾਂ ‘ਚ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ।
ਜਰਨੈਲੀ ਮਾਰਚ ਰਿੰਗ ਰੋਡ ਦੇ ਨਾਲ ਲਗਦੇ ਜਮੁਨਾ ਬਜ਼ਾਰ ਨੇੜੇ ਤੋਂ ਸ਼ੁਰੂ ਹੋ ਕੇ ਲਾਲ ਕਿਲਾ ਮੈਦਾਨ ਤੱਕ ਲਿਜਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਮਾਰਚ ਦੀ ਅਗਵਾਈ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀਆਂ ਦੇ ਨਾਲ ਕਰਨ ਅਤੇ ਪਿੱਛੇ ਪੁਲਿਸ ਅਤੇ ਸੈਨਾ ਦੇ ਬੈਂਡਾਂ ਵੱਲੋਂ ਫਤਹਿ ਧੁੰਨ ਵਜਾਉਂਦੇ ਹੋਏ ਗਤਕਾ ਅਖਾੜਿਆਂ ਦੇ ਸ਼ਸਤ੍ਰ ਮੁਕਾਬਲਿਆਂ ਨਾਲ ਕਦਮਤਾਲ ਕਰਨ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ ਨੇ ਅਫਸੋਸ ਜਤਾਇਆ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਹੈ ਪਰ ਸੰਭਾਲਿਆ ਨਹੀਂ, ਇਸ ਲਈ ਕੌਮ ਦੀ ਚੜ੍ਹਦੀ ਕਲਾ ਲਈ ਲੀਹ ਤੋਂ ਹੱਟ ਕੇ ਇਤਿਹਾਸ ਸਾਂਭਣ ਦੀ ਕਮੇਟੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੂਰੇ ਸੰਸਾਰ ‘ਚ ਵਸਦੇ ਸਿੱਖਾਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ‘ਚ ਸਿੱਖ ਇਤਿਹਾਸ ਦੀ ਸੁਨਿਹਰੀ ਝਾਕੀ ਪੇਸ਼ ਕਰਦੇ ਹੋਏ ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕਰਨ ਦਾ ਵੀ ਦਾਅਵਾ ਕੀਤਾ। ਇਸੇ ਦੌਰਾਨ ਸਿੱਖ ਧਰਮ ਦੀ ਅਣਖ ਦਾ ਵੇਰਵਾ ਦੇਣ ਲਈ ਲਾਈਟ ਅਤੇ ਸਾਉੂਂਡ ਸ਼ੋਅ ਵੀ 22 ਮਾਰਚ ਨੂੰ ਆਯੋਜਿਤ ਕਰਨ ਦੀ ਸਿਰਸਾ ਨੇ ਜਾਣਕਾਰੀ ਦਿੱਤੀ। 1783 ‘ਚ ਸਿੱਖਾਂ ਵੱਲੋਂ ਮੁਗਲ ਰਾਜ ਤੋਂ ਅਜ਼ਾਦੀ ਦਿਵਾਉਣ ਦੀ ਗੱਲ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਸਰਕਾਰਾਂ ਨੇ ਹਮੇਸ਼ਾਂ ਸਿੱਖਾਂ ਨੂੰ ਅੱਖੋਂ ਪਰੋਖੇ ਕੀਤਾ ਹੈ ਦਿੱਲੀ ਫਤਹਿ ਕਰਨ ਦੇ ਬਾਵਜੂਦ ਸਿੱਖ ਜਰਨੈਲਾਂ ਦੀ ਇਸ ਬਹਾਦਰੀ ਦੀ ਗਾਥਾ ਨੂੰ ਸਰਕਾਰਾਂ ਵੱਲੋਂ ਤੀਸ ਹਜ਼ਾਰੀ ਅਤੇ ਲਾਲ ਕਿਲੇ ਦੇ ਇਤਿਹਾਸ ਨਾਲ ਨਹੀਂ ਜੋੜਿਆ ਹੈ।
ਦਿੱਲੀ ਕਮੇਟੀ ਵੱਲੋਂ ਇਤਿਹਾਸ ‘ਚ ਸੋਧ ਕਰਾਉਣ ਵਾਸਤੇ ਲੋੜਿੰਦੇ ਕਦਮ ਚੁੱਕਣ ਦਾ ਵੀ ਸਿਰਸਾ ਨੇ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਕੋਸ਼ਿਸ਼ਾਂ ਫਤਹਿ ਦਿਵਸ ਨੂੰ ਸਰਕਾਰੀ ਰਿਕਾਰਡ ‘ਚ ਕੌਮੀ ਦਿਹਾੜਾ ਐਲਾਨਣ ਤੱਕ ਜਾਰੀ ਰਹਿਣਗੀਆਂ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਤਨਵੰਤ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਰਵਿੰਦਰ ਸਿੰਘ ਲਵਲੀ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਲੁਬਾਣਾ, ਹਰਦੇਵ ਸਿੰਘ ਧਨੋਆ, ਕੁਲਮੋਹਨ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਅਮਰਜੀਤ ਸਿੰਘ ਪਿੰਕੀ, ਜੀਤ ਸਿੰਘ, ਇੰਦਰਜੀਤ ਸਿੰਘ ਮੌਂਟੀ, ਰਵੇਲ ਸਿੰਘ, ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਸੁਰਿੰਦਰ ਪਾਲ ਸਿੰਘ ਓਬਰਾਏ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media