ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜ਼ਾਂ ਬਾਰੇ ਬੁਲਾਰਿਆਂ ਨੇ ਪਾਇਆ ਚਾਨਣਾ

ਅੰਮ੍ਰਿਤਸਰ, 11 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਫ਼ਿਜਿਕਸ ਵਿਭਾਗ ਵੱਲੋਂ ‘ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਨਵੀਆਂ ਖੋਜ਼ਾਂ’ ਵਿਸ਼ੇ ‘ਤੇ ਇਕ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਅਤੇ ਫ਼ਿਜੀਕਸ ਵਿਭਾਗ ਦੇ ਸੇਵਾ ਮੁਕਤ ਪ੍ਰੋ: ਡਾ. ਆਰ. ਕੇ. ਬੇਦੀ, ਫ਼ਿਜੀਕਸ ਵਿਭਾਗ ਦੇ ਪ੍ਰੋ: ਡਾ. ਅਤੁਲ ਖੰਨਾ ਅਤੇ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਦੇ ਅਸਿਸਟੈਂਟ ਪ੍ਰੋ: ਡਾ. ਅਮਨ ਮਹਾਜਨ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਕਾਨਫਰੰਸ ਦਾ ਉਦਘਾਟਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਨਫਰੰਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਹੋ ਰਹੀਆਂ ਨਵੀਆਂ ਖੋਜ਼ਾਂ ਅਤੇ ਉਨ੍ਹਾਂ ਦੀ ਉਦਯੋਗਿਕ ਖ਼ੇਤਰ ਵਿੱਚ ਹੋ ਰਹੀ ਵਰਤੋਂ ਬਾਰੇ ਜਾਣੂ ਕਰਵਾਉਣਾ ਸੀ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਜਿੱਥੇ ਵਿਦਿਆਰਥੀਆਂ ਨੂੰ ਕਿਤਾਬੀ ਵਿਸ਼ਿਆਂ ਤੋਂ ਇਲਾਵਾ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ, ਉੱਥੇ ਉਨ੍ਹਾਂ ਨੂੰ ਉਦਯੋਗਿਕ ਖ਼ੇਤਰ ਵਿੱਚ ਉਪਯੋਗ ਹੋ ਰਹੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਡੀਨ ਅਕਾਦਮਿਕ, ਪ੍ਰੋ: ਨਵਨੀਨ ਕੌਰ ਬਾਵਾ ਨਾਲ ਮਿਲਕੇ ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ।
ਕਾਨਫਰੰਸ ਦੌਰਾਨ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਹੋ ਰਹੀਆਂ ਨਵੀਆਂ ਖੋਜ਼ਾਂ ਨੈਨੋਮਟੀਰਿਅਲ ਦੀ ਵੱਖ-ਵੱਖ ਉਪਕਰਨਾਂ ਵਿੱਚ ਵਰਤੋਂ, ਜ਼ਹਿਰਲੀਆਂ ਗੈਸਾਂ ਦੇ ਰਿਸਾਅ ਦਾ ਪਤਾ ਲਗਾਉਣ ਵਾਲੇ ਸੈਂਸਰਜ਼ ਅਤੇ ਜੈਵਿਕ ਪਦਾਰਥਾਂ ਦੀ ਜੰਤਰ ਉਸਾਰੀ ਵਿੱਚ ਉਪਯੋਗਤਾ ਆਦਿ ਵਿਸ਼ਿਆਂ ‘ਤੇ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ। ਕਾਨਫਰੰਸ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ ਆਏ 50 ਡੈਲੀਗੇਟਾਂ ਨੇ ਆਪਣੀਆਂ ਖੋਜ਼ਾਂ ਸਬੰਧੀ ਪੋਸਟਰ ਅਤੇ ਪਰਚੇ ਪੜ੍ਹੇ। ਇਸ ਤੋਂ ਇਲਾਵਾ ਫਿਜੀਕਸ ਵਿਭਾਗ ਦੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. ਦੇ ਲਗਭਗ 200 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਇਸ ਮੌਕੇ ਕਾਲਜ ਦੇ ਡੀਨ ਸਾਇੰਸਜ਼ ਡਾ. ਐੱਮ. ਐੱਸ. ਬੱਤਰਾ ਨੇ ‘ਵੋਟ ਆਫ਼ ਥੈਕਸ’ ਪੇਸ਼ ਕੀਤਾ। ਕਾਨਫਰੰਸ ਵਿੱਚ ਡਾ. ਹਰਵਿੰਦਰ ਕੌਰ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਇਕਬਾਲ ਸਿੰਘ, ਡਾ. ਗੁਰਪ੍ਰਤਾਪ ਸਿੰਘ, ਪ੍ਰੋ: ਗੁਰਸ਼ਰਨ ਕੌਰ, ਡਾ. ਸੰਜੀਤ ਅੰਮ੍ਰਿਤਾ ਕੌਰ, ਪ੍ਰੋ: ਵਨੀਤਾ ਨਾਰੰਗ, ਪ੍ਰੋ: ਜਗਬੀਰ ਕੌਰ, ਪ੍ਰੋ: ਰਮਨਪ੍ਰੀਤ ਕੌਰ, ਡਾ. ਪਰਮਿੰਦਰ ਸਿੰਘ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਸੁਖਵਿੰਦਰ ਸਿੰਘ ਅਤੇ ਪ੍ਰੋ: ਰਾਜਕਰਨ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media