ਫਾਜ਼ਿਲਕਾ, 12 ਮਾਰਚ ( ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ. ਚਰਨਦੇਵ ਸਿੰਘ ਮਾਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਅਧਾਰ ਕਾਰਡ ਨੰ. ਨਾਲ ਲਿੰਕ ਕਰਨ ਸਬੰਧੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ । ਇਸ ਤੋਂ ਇਲਾਵਾ ਵੋਟਰ ਸੂਚੀ ਵਿਚ 1 ਤੋਂ ਵੱਧ ਵਾਰ ਨਾਂ ਦਰਜ ਹੋਣ, ਵੋਟਰ ਸੂਚੀ ਦੀਆਂ ਗਲਤੀਆਂ ਨੂੰ ਠੀਕ ਕਰਨ ਅਤੇ ਵੋਟਰ ਕਾਰਡ ਤੇ ਲੱਗੀ ਫੋਟੋ ਦੀ ਕੁਆਲਟੀ ਵਿਚ ਸੁਧਾਰ ਕਰਨ ਆਦਿ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ‘ਨੈਸ਼ਨਲ ਇਲੈਕਟੋਰਲ ਰੋਲ ਪਿਓਰੀਫ਼ਿਕੇਸ਼ਨ ਐਂਡ ਅਥੈਂਟੀਫ਼ਿਕੇਸ਼ਨ ਪ੍ਰੋਗਰਾਮ’ ਅਨੁਸਾਰ ਵੋਟਰਾਂ ਦੇ ਮਤਦਾਤਾ ਪਹਿਚਾਣ ਪੱਤਰ (ਏਪਿਕ ਡੈਟਾ) ਨਾਲ ਅਧਾਰ ਕਾਰਡ ਨੰਬਰ ਲਿੰਕ ਕਰਨ ਦੀ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹਰੇਕ ਵੋਟਰ ਲਈ ਆਪਣਾ ਅਧਾਰ ਕਾਰਡ ਆਪਣੇ ਪਹਿਚਾਣ ਪੱਤਰ ਨਾਲ ਲਿੰਕ ਕਰਨਾ ਜ਼ਰੂਰੀ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਵੋਟਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈਬਸਾਈਟ www.eci.nic.in ‘ਤੇ ਜਾ ਕੇ ਆਪਣਾ ਅਧਾਰ ਕਾਰਡ ਦਰਜ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟਰ ਟੋਲ ਫ਼੍ਰੀ ਨੰਬਰ 1950 ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫ਼ੋਨ ਕਰਕੇ, 51969 ਤੇ ਐਸ.ਐਮ.ਐਸ., ਈ.ਮੇਲ ਰਾਂਹੀ ਆਪਣਾ ਅਧਾਰ ਨੰਬਰ ਦਰਜ ਕਰਵਾ ਸਕਦੇ ਹਨ। ਸ.ਮਾਨ ਨੇ ਦੱਸਿਆ ਕਿ ਇਸ ਸਬੰਧੀ ਬੀ.ਐਲ.ਓ. ਘਰ-ਘਰ ਜਾ ਕੇ ਵੋਟਰ ਦਾ ਆਧਾਰ ਨੰਬਰ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਵੋਟਰ ਸਹੂਲਤ ਕੇਂਦਰ, ਈ-ਸੇਵਾ ਕੇਂਦਰ ਅਤੇ ਨਾਗਰਿਕ ਸਹੂਲਤ ਕੇਂਦਰ ਦੀ ਸਹਾਇਤਾ ਨਾਲ ਆਧਾਰ ਕਾਰਡ ਨੰਬਰ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਅਨੁਸਾਰ ਇਕੱਠੇ ਕੀਤੇ ਗਏ ਆਧਾਰ ਕਾਰਡ ਨੰਬਰ ਐਨ.ਵੀ.ਐਸ.ਪੀ. (ਨੈਸ਼ਨਲ ਵੋਟਰ ਸਰਵਿਸ ਪੋਰਟਲ) ‘ਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਸਰਵੇ ਕਰਨ ਸਮੇਂ ਬੂਥ ਲੈਵਲ ਅਫ਼ਸਰਾਂ ਨੂੰ ਨਵੀਂ ਵੋਟ ਦਰਜ ਕਰਵਾਉਣ ਲਈ ਫਾਰਮ ਨੰਬਰ 6 ਅਤੇ ਪਹਿਲਾਂ ਦਰਜ ਵੋਟ ਵਿਚ ਕਿਸੇ ਕਿਸਮ ਦੀ ਦਰੁੱਸਤੀ ਲਈ ਫਾਰਮ ਨੰਬਰ 8 ਵੀ ਭਰਕੇ ਦਿੱਤਾ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਨੰਬਰ ਉਕਤ ਵਿਧੀਆਂ ਰਾਹੀਂ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾ ਕੇ ਜ਼ਿੰਮੇਂਵਾਰ ਨਾਗਰਿਕ ਅਤੇ ਵੋਟਰ ਹੋਣ ਦਾ ਪ੍ਰਮਾਣ ਦੇਣ। ਉਨ੍ਹਾਂ ਦੱਸਿਆ ਕਿ ਅਧਾਰ ਕਾਰਡ ਨੂੰ ਫ਼ੋਟੋ ਵੋਟਰ ਕਾਰਡ ਡੈਟਾ ਨਾਲ ਲਿੰਕ ਕਰਨ ਨਾਲ ਜਿੱਥੇ ਦੋਹਰੀਆਂ ਵੋਟਾਂ ਨੂੰ ਕੱਟਣ ਵਿੱਚ ਮੱਦਦ ਮਿਲੇਗੀ ਉੱਥੇ ਵੋਟਰ ਸੂਚੀਆਂ ਵਿੱਚ ਗਲਤੀਆਂ ਨੂੰ ਵੀ ਸੁਧਾਰਨ ਵਿੱਚ ਮੱਦਦ ਮਿਲੇਗੀ।ਇਸ ਮੀਟਿੰਗ ਵਿਚ ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ, ਜਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ ਮੈਂਬਰ ਐਸ.ਜੀ.ਪੀ.ਸੀ., ਸ. ਚਰਨ ਸਿੰਘ ਕੰਧਵਾਲਾ, ਸ. ਅਵਤਾਰ ਸਿੰਘ ਕੰਧਵਾਲਾ (ਅਕਾਲੀ ਦਲ), ਸ੍ਰੀ ਪੱਪੂ ਸਰਪੰਚ ਡੱਬਵਾਲਾ ਕਲਾਂ, ਸ੍ਰੀ ਮਨੋਜ ਤ੍ਰਿਪਾਠੀ ਬੀ.ਜੇ.ਪੀ., ਸ੍ਰੀ ਸੁਰਿੰਦਰ ਕਾਲੜਾ ਕਾਂਗਰਸ, ਸ੍ਰੀ ਹੁਕਮ ਸਿੰਘ ਸੋਢੀ ਤਹਿਸੀਲਦਾਰ ਚੋਣਾਂ ਆਦਿ ਵੀ ਹਾਜ਼ਰ ਸਨ ।
Punjab Post Daily Online Newspaper & Print Media